ਮੁੰਬਈ, 9 ਜਨਵਰੀ
ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਗੋਆ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿਰੋਧੀ ਸਟੈਂਡ ਲੈਣ ਲਈ ਤ੍ਰਿਣਮੂਲ ਕਾਂਗਰਸ ਪਾਰਟੀ (ਟੀਐਮਸੀ) ਦੀ ਨਿਖੇਧੀ ਕਰਦਿਆਂ ਦਾਅਵਾ ਕੀਤਾ ਹੈ ਕਿ ਤੱਟਵਰਤੀ ਰਾਜ ਵਿੱਚ ਹੋਣ ਵਾਲੀਆਂ ਚੋਣਾਂ ਵਿਚ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਪਾਰਟੀ ਦੀ ਮੌਜੂਦਗੀ ਸੱਤਾਧਾਰੀ ਭਾਜਪਾ ਦੀ ਸਭ ਤੋਂ ਵੱਧ ਮਦਦ ਕਰੇਗੀ। ਸ਼ਿਵ ਸੈਨਾ ਦੇ ਅਖਬਾਰ ‘ਸਾਮਨਾ’ ਵਿੱਚ ਆਪਣੇ ਹਫ਼ਤਾਵਾਰੀ ਕਾਲਮ ‘ਰੋਕਟੋਕ’ ਵਿੱਚ ਰਾਊਤ ਨੇ ਕਿਹਾ ਕਿ ਟੀਐਮਸੀ ਨੇ ਕਾਂਗਰਸ ਤੇ ਹੋਰ ਪਾਰਟੀਆਂ ਦੇ ਗੈਰ-ਭਰੋਸੇਯੋਗ ਆਗੂਆਂ ਨਾਲ ਤਾਲਮੇਲ ਕੀਤਾ ਹੈ ਅਤੇ ਅਜਿਹਾ ਵਤੀਰਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਸ਼ੋਭਾ ਨਹੀਂ ਦਿੰਦਾ ਜੋ ਖੁਦ ਭਾਜਪਾ ਖ਼ਿਲਾਫ਼ ਲੜ ਰਹੀ ਹੈ। ਟੀਐਮਸੀ ਗੋਆ ਵਿਧਾਨ ਸਭਾ ਚੋਣਾਂ ਲਈ ਫਜ਼ੂਲ ਖਰਚ ਕਰ ਰਹੀ ਹੈ ਅਤੇ ਕਈਆਂ ਦਾ ਕਹਿਣਾ ਹੈ ਕਿ ਪਾਰਟੀ ਦੁਆਰਾ ਖਰਚੇ ਗਏ ਫੰਡਾਂ ਦਾ ਸਰੋਤ ਕੋਈ ਹੋਰ ਹੈ। ਰਾਊਤ ਨੇ ਕਿਹਾ ਕਿ ਇਹ ਸਮਝ ਆਉਂਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦਾ ਉਦੇਸ਼ ਕਾਂਗਰਸ ਦੀ ਹੋਂਦ ਨੂੰ ਮਿਟਾਉਣਾ ਹੈ ਪਰ ਜੇ ਬੈਨਰਜੀ ਦਾ ਇਹੀ ਉਦੇਸ਼ ਹੈ ਤਾਂ ਇਹ ਉਨ੍ਹਾਂ ਦੇ ਅਕਸ ਦੇ ਅਨੁਕੂਲ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਗੋਆ ਵਿਚ ਮਜ਼ਬੂਤ ਲੀਡਰਸ਼ਿਪ ਹੀ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੱਤਾਧਾਰੀ ਭਾਜਪਾ ਲਈ ਗੋਆ ਜਿੱਤਣਾ ਆਸਾਨ ਨਹੀਂ ਹੈ ਪਰ ‘ਆਪ’ ਅਤੇ ਟੀਐਮਸੀ ਨੇ ਕਾਂਗਰਸ ਦੇ ਰਾਹ ਵਿੱਚ ਰੁਕਾਵਟਾਂ ਖੜ੍ਹੀਆਂ ਕੀਤੀਆਂ ਹਨ। -ਪੀਟੀਆਈ