ਕੋਲਕਾਤਾ, 21 ਜੁਲਾਈ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਭਾਜਪਾ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਇਕੱਲੀ ਪਾਰਟੀ ਵਜੋਂ ਬਹੁਮਤ ਹਾਸਲ ਨਹੀਂ ਕਰ ਸਕੇਗੀ ਕਿਉਂਕਿ ਭਗਵਾਂ ਪਾਰਟੀ ਕੇਂਦਰ ਵਿੱਚ ਸੱਤਾ ਤੋਂ ਬਾਹਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਨੂੰ ਤੋੜਨ ਦੀ ਕੋਸ਼ਿਸ਼ ਕਰੇਗੀ ਤਾਂ ਉਸ ਨੂੰ ਮੂੰਹ ਤੋੜ ਜਵਾਬ ਮਿਲੇਗਾ।
ਇੱਥੇ ਤ੍ਰਿਣਮੂਲ ਕਾਂਗਰਸ ਦੇ ਸ਼ਹੀਦ ਦਿਵਸ ਸਬੰਧੀ ਇਕ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਅਗਲੀਆਂ ਆਮ ਚੋਣਾਂ ‘ਭਾਜਪਾ ਨੂੰ ਨਕਾਰਨ ਲਈ ਵੋਟ’ ਦੇ ਮੰਤਰ ਦੇ ਆਧਾਰ ’ਤੇ ਹੋਣਗੀਆਂ। ਉਨ੍ਹਾਂ ਕਿਹਾ, ‘‘ਸਾਲ 2024 ਵਿੱਚ ਲੋਕਾਂ ਵੱਲੋਂ ਭਾਜਪਾ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਜਾਵੇਗਾ। ਭਾਜਪਾ ਹਾਰ ਜਾਵੇਗੀ। ਮੈਂ ਇਹ ਦ੍ਰਿੜ੍ਹਤਾ ਨਾਲ ਕਹਿ ਸਕਦੀ ਹਾਂ ਕਿ ਭਾਜਪਾ ਇਕ ਇਕੱਲੀ ਪਾਰਟੀ ਵਜੋਂ ਬਹੁਮਤ ਹਾਸਲ ਨਹੀਂ ਕਰੇਗੀ ਅਤੇ ਜੇਕਰ ਇਕ ਵਾਰ ਇਹ ਹੋ ਜਾਂਦਾ ਹੈ ਤਾਂ ਬਾਕੀ ਪਾਰਟੀਆਂ ਅਗਲੀ ਸਰਕਾਰ ਬਣਾਉਣ ਲਈ ਇਕਜੁੱਟ ਹੋ ਜਾਣਗੀਆਂ।’’
ਤ੍ਰਿਣਮੂਲ ਕਾਂਗਰਸ ਦੀ ਮੁਖੀ ਨੇ ਜ਼ੋਰਦਾਰ ਤਾੜੀਆਂ ਵਿਚਾਲੇ ਕਿਹਾ, ‘‘ਭਾਜਪਾ ਦੀਆਂ ਬੇੜੀਆਂ ਤੇ ਕੈਦ ਤੋੜ ਦਿਓ; 2024 ਵਿੱਚ ਅਸੀਂ ਲੋਕਾਂ ਦੀ ਸਰਕਾਰ ਲਿਆਉਣੀ ਹੈ।’’ ਉਨ੍ਹਾਂ ਕੇਂਦਰੀ ਏਜੰਸੀਆਂ ਤੇ ਸੰਸਥਾਵਾਂ ਦਾ ਇਸਤੇਮਾਲ ਕਰ ਕੇ ਵਿਰੋਧੀ ਪਾਰਟੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਲਈ ਭਾਜਪਾ ਦੀ ਆਲੋਚਨਾ ਵੀ ਕੀਤੀ। ਉਨ੍ਹਾਂ ਕਿਹਾ ਕਿ ਉਹ ਲੋਕ ਜਿਨ੍ਹਾਂ ਦੀ ਆਜ਼ਾਦੀ ਦੀ ਲੜਾਈ ਵਿੱਚ ਕੋਈ ਭੂਮਿਕਾ ਨਹੀਂ ਸੀ, ਉਹ ਹੁਣ ਦੇਸ਼ ਦਾ ਇਤਿਹਾਸ ਦੁਬਾਰਾ ਲਿਖਣ ਦੀ ਕੋਸ਼ਿ਼ਸ਼ ਕਰ ਰਹੇ ਹਨ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਅਨਾਜ, ਦਾਲਾਂ ਤੇ ਆਟੇ ਵਰਗੀਆਂ ਖੁਰਾਕੀ ਵਸਤਾਂ ਦੀ 25 ਕਿੱਲੋ ਤੋਂ ਘੱਟ ਦੀ ਪੈਕਿੰਗ ’ਤੇ ਜੀਐੱਸਟੀ ਦਰਾਂ ਵਧਾਉਣ ਲਈ ਕੇਂਦਰ ਸਰਕਾਰ ਨੂੰ ਭੰਡਿਆ ਅਤੇ ਇਸ ਫੈਸਲੇ ਨੂੰ ਲੋਕ ਵਿਰੋਧੀ ਕਰਾਰ ਦਿੱਤਾ। ਉਨ੍ਹਾਂ ਕਿਹਾ, ‘‘ਜਦੋਂ ਭਾਜਪਾ ਹਰੇਕ ਚੀਜ਼ ’ਤੇ ਜੀਐੱਸਟੀ ਲਾਗੂ ਕਰ ਰਹੀ ਹੈ ਤਾਂ ਲੋਕ ਖਾਣਗੇ ਕੀ। ਇਸ ਦੇਸ਼ ਵਿੱਚ ਗਰੀਬ ਕਿਵੇਂ ਰਹੇਗਾ?
ਭਗਵਾਂ ਪਾਰਟੀ ਨੂੰ ਚਿਤਾਵਨੀ ਦਿੰਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਜੇਕਰ ਭਾਜਪਾ ਨੇ ਮਹਾਰਾਸ਼ਟਰ ਵਾਂਗ ਬੰਗਾਲ ਸਰਕਾਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਮੂੰਹ ਤੋੜ ਜਵਾਬ ਮਿਲੇਗਾ।’’ ਮੁੱਖ ਮੰਤਰੀ ਨੇ ਕਿਹਾ, ‘‘ਮਹਾਰਾਸ਼ਟਰ ਵਿੱਚ ਸਰਕਾਰ ਤੋੜਨ ਤੋਂ ਬਾਅਦ ਭਾਜਪਾ ਹੁਣ ਝਾਰਖੰਡ ਅਤੇ ਬੰਗਾਲ ਸਮੇਤ ਹੋਰ ਸੂਬਿਆਂ ਵਿੱਚ ਵੀ ਉਸੇ ਤਰ੍ਹਾਂ ਦੀਆਂ ਕਾਰਵਾਈਆਂ ਆਰੰਭ ਰਹੀ ਹੈ। ਮੈਂ ਉਨ੍ਹਾਂ ਨੂੰ ਇਹ ਯਾਦ ਕਰਵਾਉਣਾ ਚਾਹੁੰਦੀ ਹਾਂ ਕਿ ਇਹ ਰੌਇਲ ਬੰਗਾਲ ਬਾਘਾਂ ਦੀ ਧਰਤੀ ਹੈ; ਜੇਕਰ ਉਹ ਦਖ਼ਲ ਦੇਣ ਦੀ ਕੋਸ਼ਿਸ਼ ਕਰਨਗੇ, ਤਾਂ ਮੂੰਹਤੋੜ ਜਵਾਬ ਮਿਲੇਗਾ।’’ -ਪੀਟੀਆਈ