ਜੈਪੁਰ, 16 ਅਗਸਤ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦੋਸ਼ ਲਾਇਆ ਭਾਰਤੀ ਜਨਤਾ ਪਾਰਟੀ ਆਪਣੇ ਦਫ਼ਤਰਾਂ ’ਚ ‘ਗ਼ੈਰਕਾਨੂੰਨੀ’ ਪੈਸਾ ਲਿਆਉਣ ਲਈ ਨੀਮ ਫੌਜੀ ਬਲਾਂ ਤੇ ਪੁਲੀਸ ਦੇ ਵਾਹਨਾਂ ਦੀ ਵਰਤੋਂ ਕਰਦੀ ਹੈ। ਦੂਜੇ ਪਾਸੇ ਭਾਜਪਾ ਦੇ ਸੂਬਾ ਪ੍ਰਧਾਨ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ।
ਮੁੱਖ ਮੰਤਰੀ ਗਹਿਲੋਤ ਨੇ ਆਜ਼ਾਦੀ ਦਿਹਾੜੇ ਮੌਕੇ ਇੱਥੇ ਸ਼ਹੀਦੀ ਯਾਦਗਾਰ ’ਤੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਜਿੱਥੇ ਵੀ ਭਾਜਪਾ ਦੀ ਸਰਕਾਰ ਹੁੰਦੀ ਹੈ ਉੱਥੇ ਨੀਮ ਫੌਜੀ ਬਲਾਂ ਜਾਂ ਪੁਲੀਸ ਦੇ ਟਰੱਕਾਂ ਦੀ ਵਰਤੋਂ ਪਾਰਟੀ ਦੇ ਹੈੱਡਕੁਆਰਟਰ ’ਚ ਪੈਸਿਆਂ ਨਾਲ ਭਰੇ ਬਕਸੇ ਜਮ੍ਹਾਂ ਕਰਨ ਲਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਵਾਹਨ ਪੁਲੀਸ ਨਾਲ ਸਬੰਧਤ ਹੁੰਦੇ ਹਨ, ਇਸ ਲਈ ਇਨ੍ਹਾਂ ਨੂੰ ਕੋਈ ਰੋਕਦਾ ਨਹੀਂ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਲਗਦਾ ਹੈ ਕਿ ਇਹ ਮਦਦ ਲਈ ਆਏ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 500 ਤੇ 1000 ਰੁਪਏ ਦੇ ਨੋਟ ਬੰਦ ਕਰਕੇ 2000 ਹਜ਼ਾਰ ਰੁਪਏ ਦੇ ਨੋਟ ਲਿਆਂਦੇ ਤਾਂ ਜੋ ਇਨ੍ਹਾਂ ਦੀ ਢੋਆ-ਢੁਆਈ ਸੌਖੀ ਹੋ ਸਕੇ। ਕਾਂਗਰਸ ਆਗੂ ਨੇ ਕਿਹਾ ਕਿ ਦੇਸ਼ ਵਿੱਚ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਪਰ ਕਾਂਗਰਸ ਵਰਕਰਾਂ ਨੂੰ ਡਰਨ ਦੀ ਲੋੜ ਨਹੀਂ ਕਿਉਂਕਿ ਆਖਰੀ ਜਿੱਤ ਕਾਂਗਰਸ ਤੇ ਇਸ ਦੇ ਵਰਕਰਾਂ ਦੀ ਹੋਵੇਗੀ।
ਦੂਜੇ ਪਾਸੇ ਭਾਜਪਾ ਦੇ ਸੂਬਾ ਪ੍ਰਧਾਨ ਸਤੀਸ਼ ਪੂਨੀਆ ਨੇ ਗਹਿਲੋਤ ਦੇ ਦਾਅਵੇ ਖਾਰਜ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੂਰੀ ਤਰ੍ਹਾਂ ਗ਼ੈਰਜ਼ਿੰਮੇਵਾਰੀ ਵਾਲੀ, ਤਰਕਹੀਣ ਤੇ ਬੇਬੁਨਿਆਦੀ ਗੱਲ ਕਹਿ ਰਹੇ ਹਨ। ਉਨ੍ਹਾਂ ਕਿਹਾ, ‘ਮੁੱਖ ਮੰਤਰੀ ਨੂੰ ਆਪਣੀ ਕੁਰਸੀ ਜਾਣ ਦਾ ਖਤਰਾ ਹੈ। ਇਸ ਲਈ ਉਹ ਸਭ ਦਾ ਧਿਆਨ ਭਟਕਾਉਣਾ ਚਾਹੁੰਦੇ ਹਨ। ਉਨ੍ਹਾਂ ਨੂੰ ਨੀਮ ਫੌਜੀ ਬਲਾਂ ਦੀ ਬੇਇੱਜ਼ਤੀ ਕਰਨ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।’ -ਪੀਟੀਆਈ