ਮੁੰਬਈ, 30 ਜੂਨ
ਨੈਸ਼ਨਲਿਸਟ ਕਾਂਗਰਸ ਪਾਰਟੀ ਦੀ ਕਾਰਜਕਾਰੀ ਪ੍ਰਧਾਨ ਸੁਪ੍ਰਿਆ ਸੂਲੇ ਨੇ ਅੱਜ ਇੱਥੇ ਦੋਸ਼ ਲਾਇਆ ਕਿ ਭਾਜਪਾ ਉਨ੍ਹਾਂ ਦੇ ਪਿਤਾ ਸ਼ਰਦ ਪਵਾਰ ਅਤੇ ਚਚੇਰੇ ਭਰਾ ਅਜੀਤ ਪਵਾਰ ਤੋਂ ਪ੍ਰੇਸ਼ਾਨ ਸੀ। ਬਾਰਾਮਤੀ ਤੋਂ ਲੋਕ ਸਭਾ ਸੰਸਦ ਮੈਂਬਰ ਸੁਪ੍ਰਿਆ ਸੂਲੇ ਨੇ ਮਹਾਰਾਸ਼ਟਰ ਦੇ ਸੱਤਾਧਾਰੀ ਗੱਠਜੋੜ ਵਿੱਚ ਸ਼ਾਮਲ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਭਗਵਾਂ ਪਾਰਟੀ ਕੋਲ ਦੇਸ਼ ਜਾਂ ਸੂਬੇ ਲਈ ਕੋਈ ਦ੍ਰਿਸ਼ਟੀਕੋਣ ਨਹੀਂ ਹੈ। ਉਨ੍ਹਾਂ ਜਨਮ ਦਿਨ ਮੌਕੇ ਵਧਾਈ ਦੇਣ ਆਏ ਪਾਰਟੀ ਵਰਕਰਾਂ ਨਾਲ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕੇਂਦਰ ਤੇ ਸੂਬੇ ਦੀ ਸਿਆਸਤ ਮੇਰੇ ਪਿਤਾ ਤੇ ਭਰਾ (ਐੱਨਸੀਪੀ ਨੇਤਾ ਅਜੀਤ ਪਵਾਰ) ਦੁਆਲੇ ਘੁੰਮਦੀ ਹੈ। ਭਾਜਪਾ ਉਨ੍ਹਾਂ ਤੋਂ ਇੰਨੀ ਪ੍ਰੇਸ਼ਾਨ ਹੈ ਕਿ ਉਸ ਕੋਲ ਦੇਸ਼ ਅਤੇ ਸੂੁਬੇ ਦੇ ਵਿਕਾਸ ਲਈ ਕੋਈ ਦ੍ਰਿਸ਼ਟੀਕੋਣ ਤਿਆਰ ਕਰਨ ਦਾ ਸਮਾਂ ਨਹੀਂ ਹੈ। ਉਹ ਮਹਿੰਗਾਈ ਕਿਵੇਂ ਘੱਟ ਕਰਨਗੇ ਅਤੇ ਰੁਜ਼ਗਾਰ ਕਿਵੇਂ ਪੈਦਾ ਕਰਨਗੇ?’’ ਸੂਲੇ ਤੋਂ ਨਵੰਬਰ 2019 ਦੀ ਥੋੜ੍ਹੇ ਸਮੇਂ ਲਈ ਬਣੀ ਭਾਜਪਾ-ਅਜੀਤ ਪਵਾਰ ਸਰਕਾਰ ਸਬੰਧੀ ਉਪ ਮੁੱਖ ਮੰਤਰੀ ਦਵੇਂਦਰ ਫੜਨਵੀਸ ਅਤੇ ਐੱਨਸੀਪੀ ਵਿਚਾਲੇ ਚੱਲ ਰਹੀ ਸ਼ਬਦੀ ਜੰਗ ਬਾਰੇ ਸਵਾਲ ਪੁੱਛੇ ਗਏ ਸਨ। ਉਨ੍ਹਾਂ ਕਿਹਾ ਕਿ ਫੜਨਵੀਸ ਕੋਲ ਮਹਿੰਗਾਈ ਘੱਟ ਕਰਨ ਜਾਂ ਮਹਿਲਾ ਸੁਰੱਖਿਆ ਯਕੀਨੀ ਬਣਾਉਣ ਲਈ ਕੋਈ ਸਮਾਂ ਨਹੀਂ ਹੈ। ਸੂਲੇ ਨੇ ਕਿਹਾ, ‘‘ਉਹ (ਫੜਨਵੀਸ) ਇਨ੍ਹਾਂ ਮੁੱਦਿਆਂ ’ਤੇ ਹੀ ਬੋਲਣਾ ਚਾਹੁੰਦੇ ਹਨ, ਜੋ ਮੌਜੂਦਾ ਸੰਦਰਭ ਵਿੱਚ ਢੁੱਕਵੇਂ ਨਹੀਂ ਹਨ।’’ ਸੂਲੇ ਨੇ ਕਿਹਾ, ‘‘ਜਦੋਂ ਤੱਕ ਸ਼ਰਦ ਪਵਾਰ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਂਦਾ, ਕੋਈ ਖ਼ਬਰ ਹੀ ਨਹੀਂ ਹੁੰਦੀ।’’ ਫੜਨਵੀਸ ਨੇ ਹਾਲ ਹੀ ਵਿੱਚ ਦਾਅਵਾ ਕੀਤਾ ਸੀ ਕਿ ਪਵਾਰ 2019 ਵਿੱਚ ਭਾਜਪਾ ਨਾਲ ਸਰਕਾਰ ਬਣਾਉਣ ਲਈ ਸਹਿਮਤ ਹੋਏ ਸੀ ਪਰ ਫਿਰ ਉਹ ਪਿੱਛੇ ਹਟ ਗਏ। -ਪੀਟੀਆਈ