ਜੈਪੁਰ, 3 ਸਤੰਬਰ
ਕੇਂਦਰ ਸਰਕਾਰ ’ਤੇ ਵਰ੍ਹਦਿਆਂ ਕਾਂਗਰਸੀ ਨੇਤਾ ਰਾਜੀਵ ਸ਼ੁਕਲਾ ਨੇ ਕਿਹਾ ਕਿ ਮੋਦੀ ਸਰਕਾਰ ਕੌਮੀ ਸੰਪਤੀ ਨੂੰ ਵੇਚਣ ਦਾ ਕੰਮ ਕਰ ਰਹੀ ਹੈ, ਜਿਸ ਲਈ ਭਾਜਪਾ ਨੂੰ ਸਬਕ ਸਿਖਾਇਆ ਜਾਣਾ ਚਾਹੀਦਾ ਹੈ। ਸਾਬਕਾ ਕੇਂਦਰੀ ਮੰਤਰੀ ਸ਼ੁਕਲਾ ਨੇ ਇਥੇ ਕਿਹਾ, ‘ਜ਼ਿੰਮੇਵਾਰੀ ਤੋਂ ਭੱਜਣਾ, ਦੇਸ਼ ਦੀਆਂ ਸੰਪਤੀਆਂ ਵੇਚਣਾ, ਮਹਿੰਗਾਈ ਵਧਾਉਣਾ… ਲੋਕਾਂ ਨੂੰ ਅਜਿਹੀ ਕੇਂਦਰ ਸਰਕਾਰ ਨੂੰ ਬਾਹਰ ਭੇਜਣ ਦਾ ਕੰਮ ਕਰਨਾ ਚਾਹੀਦਾ ਹੈ, ਉਨ੍ਹਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ।’ ਮਹਿੰਗਾਈ ਦੇ ਬੇਤਹਾਸ਼ਾ ਵਾਧੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, ‘ਲੋਕ, ਭਾਜਪਾ ਨੂੰ ਅਜਿਹਾ ਸਬਕ ਸਿਖਾਉਣ ਕਿ ਉਹ ਜਨਤਾ ਨੂੰ ਆਪਣਾ ਮੂੰਹ ਵੀ ਨਾ ਦਿਖਾ ਸਕੇ।’ ਇੱਥੇ ਸ਼ੁੱਕਰਵਾਰ ਨੂੰ ਸੂਬਾ ਕਾਂਗਰਸ ਦੇ ਦਫ਼ਤਰ ’ਚ ਬੋਲਦਿਆਂ ਸ਼ੁਕਲਾ ਨੇ ਕਿਹਾ, ‘ਸੱਤਾ ’ਚ ਆਉਣ ਵਾਲੀ ਕਿਸੇ ਵੀ ਪਾਰਟੀ ਨੂੰ ਇਹ ਅਧਿਕਾਰ ਨਹੀਂ ਹੈ ਕਿ ਉਹ 70 ਸਾਲਾਂ ’ਚ ਦੇਸ਼ ਦੀ ਜਨਤਾ ਦੇ ਪੈਸੇ ਨਾਲ ਬਣੀਆਂ ਵੱਡੀਆਂ ਸੰਪਤੀਆਂ ਨੂੰ ਉਦਯੋਗਪਤੀਆਂ, ਕਾਰਪੋਰੇਟ ਘਰਾਣਿਆਂ ਨੂੰ ਵੇਚ ਦੇਵੇ। ਇਹ ਠੀਕ ਨਹੀਂ ਹੈ। ਕੇਂਦਰ ਸਰਕਾਰ ਦੇਸ਼ ਵੇਚਣ ਦਾ ਕੰਮ ਕਰ ਰਹੀ ਹੈ।’ ਉਨ੍ਹਾਂ ਕਿਹਾ ਕਿ ਕਾਂਗਰਸ ਇਸ ਲਈ ਵਿਰੋਧ ਕਰ ਰਹੀ ਹੈ ਕਿ ਜੇਕਰ ਇਨ੍ਹਾਂ ਨੂੰ ਨਾ ਰੋਕਿਆ ਗਿਆ ਤਾਂ ਪਤਾ ਨਹੀ ਇਹ ਕੀ-ਕੀ ਵੇਚ ਦੇਣਗੇ। ਸ਼ੁਕਲਾ ਨੇ ਕਿਹਾ, ‘ਕੱਲ੍ਹ, ਜੇਕਰ ਭਾਜਪਾ ਦੀ ਸਰਕਾਰ ਰਾਜ (ਰਾਜਸਥਾਨ) ਵਿੱਚ ਆਉਂਦੀ ਹੈ, ਉਹ ਜੈਪੁਰ ਦਾ ਹਵਾ ਮਹਿਲ ਵੇਚ ਦੇਣਗੇ, ਉਹ ਆਮੇਰ ਦਾ ਕਿਲ੍ਹਾ ਵੇਚ ਦੇਣਗੇ, ਉਹ ਚਿਤੌੜਗੜ੍ਹ ਦਾ ਕਿਲ੍ਹਾ ਵੇਚ ਦੇਣਗੇ।’ ਉਨ੍ਹਾਂ ਕਿਹਾ, ‘ਜੇਕਰ ਭਾਜਪਾ ਵਾਲਿਆਂ ਦੀ ਚੱਲੀ ਤਾਂ ਨਾ ਤਾਂ ਹਵਾ ਮਹਿਲ ਅਤੇ ਨਾ ਹੀ ਆਮੇਰ ਦਾ ਕਿਲ੍ਹਾ ਬਚੇਗਾ। ਭਾਜਪਾ ਸਾਰੀਆਂ ਵਿਰਾਸਤਾਂ ਵੇਚ ਦੇਵੇਗੀ।’ -ਪੀਟੀਆਈ