ਪੁਣੇ, 14 ਮਾਰਚ
ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਅੱਜ ਦਾਅਵਾ ਕੀਤਾ ਹੈ ਕਿ ਅਸਾਮ ਨੂੰ ਛੱਡ ਕੇ, ਚੋਣਾਂ ਵਾਲੇ ਬਾਕੀ ਚਾਰੋਂ ਰਾਜਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ ਅਤੇ ਇਨ੍ਹਾਂ ਪੰਜ ਰਾਜਾਂ ਦੇ ਚੋਣ ਰੁਝਾਨ ਦੇਸ਼ ਨੂੰ ਇਕ ਨਵੀਂ ਦਿਸ਼ਾ ਦੇਣਗੇ। ਉਹ ਪੁਣੇ ਜ਼ਿਲ੍ਹੇ ਦੇ ਬਾਰਾਮਤੀ ਸ਼ਹਿਰ ਵਿੱਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ, ਕੇਰਲ, ਤਾਮਿਲਨਾਡੂ, ਅਸਾਮ ਤੇ ਪੁੱਡੂਚੇਰੀ (ਕੇਂਦਰ ਸ਼ਾਸਿਤ ਪ੍ਰਦੇਸ਼) ਵਿੱਚ ਇਸੇ ਸਾਲ ਮਾਰਚ-ਅਪਰੈਲ ’ਚ ਚੋਣਾਂ ਹੋਣੀਆਂ ਹਨ ਅਤੇ ਵੋਟਾਂ ਦੀ ਗਿਣਤੀ 2 ਮਈ ਨੂੰ ਹੋਵੇਗੀ।
ਸ੍ਰੀ ਪਵਾਰ ਨੇ ਕੇਂਦਰ ਸਰਕਾਰ ’ਤੇ ਪੱਛਮੀ ਬੰਗਾਲ ਵਿੱਚ ਤਾਕਤ ਦਾ ਗਲਤ ਇਸਤੇਮਾਲ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ, ‘‘ਪੰਜੋਂ ਰਾਜਾਂ ਦੇ ਚੋਣ ਨਤੀਜਿਆਂ ਬਾਰੇ ਅੱਜ ਗੱਲ ਕਰਨੀ ਗਲਤ ਹੈ ਕਿਉਂਕਿ ਇਨ੍ਹਾਂ ਰਾਜਾਂ ਦੇ ਲੋਕ ਹੀ ਅਸਲ ਫ਼ੈਸਲਾ ਲੈਣਗੇ। ਜਿੱਥੋਂ ਤੱਕ ਕੇਰਲ ਦਾ ਸਬੰਧ ਹੈ ਤਾਂ ਖੱਬੀਆਂ ਪਾਰਟੀਆਂ ਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਇਕੱਠੀਆਂ ਹੋ ਗਈਆਂ ਹਨ ਅਤੇ ਸਾਨੂੰ ਭਰੋਸਾ ਹੈ ਹੈ ਕਿ ਅਸੀਂ ਸਪੱਸ਼ਟ ਬਹੁਮਤ ਹਾਸਲ ਕਰਾਂਗੇ। ਤਾਮਿਲਨਾਡੂ ਵਿੱਚ ਲੋਕ ਡੀਐੱਮਕੇ ਤੇ ਇਸ ਦੇ ਮੁਖੀ ਐੱਮ.ਕੇ. ਸਟਾਲਿਨ ਨੂੰ ਸਮਰਥਨ ਦੇਣਗੇ ਅਤੇ ਚੋਣਾਂ ਤੋਂ ਬਾਅਦ ਉਹ ਰਾਜ ਵਿੱਚ ਸੱਤਾ ’ਚ ਆਉਣਗੇ।’’
ਸਾਬਕਾ ਕੇਂਦਰੀ ਮੰਤਰੀ ਨੇ ਕਿਹਾ, ‘‘ਪੱਛਮੀ ਬੰਗਾਲ ਵਿੱਚ ਕੇਂਦਰ ਸਰਕਾਰ, ਖ਼ਾਸ ਕਰ ਕੇ ਭਾਜਪਾ ਤਾਕਤ ਦਾ ਗਲਤ ਇਸਤੇਮਾਲ ਕਰ ਰਹੀ ਹੈ ਅਤੇ ਇਕ ਅਜਿਹੀ ਭੈਣ (ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਵਰ੍ਹਦਿਆਂ) ’ਤੇ ਹਮਲੇ ਕਰ ਰਹੀ ਹੈ ਜੋ ਕਿ ਰਾਜ ਦੇ ਲੋਕਾਂ ਲਈ ਲੜਨ ਦੀ ਕੋਸ਼ਿਸ਼ ਕਰ ਰਹੀ ਹੈ। ਸਮੁੱਚਾ ਰਾਜ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਦੇ ਨਾਲ ਖੜ੍ਹਾ ਹੈ ਕਿਉਂਕਿ ਇਹ ਬੰਗਾਲੀਆਂ ਦੇ ਮਾਣ ਤੇ ਆਤਮ ਸਨਮਾਨ ਦਾ ਮਾਮਲਾ ਹੈ। ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਮਮਤਾ ਬੈਨਰਜੀ ਦੀ ਅਗਵਾਈ ਹੇਠ ਤ੍ਰਿਣਮੂਲ ਕਾਂਗਰਸ ਹੀ ਸੱਤਾ ’ਤੇ ਕਾਬਜ਼ ਰਹੇਗੀ।’’
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਸਾਮ ਜਿੱਥੇ ਕਿ ਇਸ ਵੇਲੇ ਵੀ ਭਾਜਪਾ ਸੱਤਾ ਵਿੱਚ ਹੈ, ਅਜੇ ਵੀ ਭਗਵਾਂ ਪਾਰਟੀ ਹੋਰਾਂ ਨਾਲੋਂ ਚੰਗੀ ਸਥਿਤੀ ਵਿੱਚ ਹੈ। ਉਨ੍ਹਾਂ ਕਿਹਾ ਕਿ ਸੰਖੇਪ ਵਿੱਚ ਗੱਲ ਇਹ ਹੈ ਕਿ ਅਸਾਮ ਨੂੰ ਛੱਡ ਕੇ ਬਾਕੀ ਚਾਰੋਂ ਰਾਜਾਂ ਵਿੱਚ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ।
ਰਾਜਪਾਲ ਭਗਤ ਸਿੰਘ ਕੋਸ਼ਿਆਰੀ ਵੱਲੋਂ ਸੂਬਾਈ ਮੰਤਰੀ ਮੰਡਲ ਦੀ ਸਿਫ਼ਾਰਿਸ਼ ਅਨੁਸਾਰ ਵਿਧਾਨਕ ਕੌਂਸਲ ਦੇ ਮੈਂਬਰਾਂ ਦੀ ਨਾਮਜ਼ਦਗੀ ਨੂੰ ਮਨਜ਼ੂਰੀ ਨਾ ਦਿੱਤੇ ਜਾਣ ਸਬੰਧੀ ਪੁੱਛੇ ਜਾਣ ’ਤੇ ਐੱਨਸੀਪੀ ਮੁਖੀ ਨੇ ਕਿਹਾ ਕਿ ਮੰਤਰੀ ਮੰਡਲ ਦੀ ਸ਼ਿਫ਼ਾਰਿਸ਼ ਨੂੰ ਲਾਗੂ ਕਰਨਾ ਰਾਜਪਾਲ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ, ‘‘ਮਹਾਰਾਸ਼ਟਰ ਦੇ ਇਤਿਹਾਸ ਵਿੱਚ, ਰਾਜ ਨੇ ਪਹਿਲਾਂ ਕਦੇ ਅਜਿਹਾ ਰਾਜਪਾਲ ਨਹੀਂ ਦੇਖਿਆ ਜੋ ਸੰਵਿਧਾਨ ਵੱਲੋਂ ਦਿੱਤੀਆਂ ਗਈਆਂ ਜ਼ਿੰਮੇਵਾਰੀਆਂ ਨਾ ਨਿਭਾਉਂਦਾ ਹੋਵੇ ਪਰ ਮੌਜੂਦਾ ਰਾਜਪਾਲ ਨੇ ਇਹ ਜਾਦੂ ਕਰ ਕੇ ਦਿਖਾਇਆ ਹੈ ਜੋ ਕਿ ਮੰਦਭਾਗਾ ਹੈ।’’
ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਧਮਾਕਾਖੇਜ਼ ਸਮੱਗਰੀ ਨਾਲ ਭਰਿਆ ਇਕ ਵਾਹਨ ਮਿਲਣ ਦੇ ਮਾਮਲੇ ਵਿੱਚ ਕੌਮੀ ਜਾਂਚ ਏਜੰਸੀ ਵੱਲੋਂ ਮੁੰਬਈ ਪੁਲੀਸ ਦੇ ਅਧਿਕਾਰੀ ਸਚਿਨ ਵਾਜ਼ੇ ਨੂੰ ਗ੍ਰਿਫ਼ਤਾਰ ਕੀਤੇ ਜਾਣ ਬਾਰੇ ਪੁੱਛੇ ਜਾਣ ’ਤੇ ਸ੍ਰੀ ਪਵਾਰ ਨੇ ਇਹ ਮੁੱਦਾ ਸਥਾਨਕ ਹੋਣ ਦੀ ਗੱਲ ਕਹਿ ਕੇ ਇਸ ’ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦਾ ਰਾਜ ਦੀਆਂ ਨੀਤੀਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। -ਪੀਟੀਆਈ