ਬਲੀਆ, 1 ਮਾਰਚ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਉੱਤਰ ਪ੍ਰਦੇਸ਼ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਯੂਪੀ ਵਿਚ ਲਗਾਤਾਰ ਦੂਜੀ ਵਾਰ ਸਰਕਾਰ ਬਣਾ ਕੇ ਦਹਾਕਿਆਂ ਤੋਂ ਚੱਲੇ ਆ ਰਹੇ ਰੁਝਾਨ ਨੂੰ ਤੋੜ ਦੇਵੇਗੀ। ਰਸਰਾ ਵਿਚ ਰਾਜਨਾਥ ਨੇ ਵੋਟਰਾਂ ਨੂੰ ਕਿਹਾ ਕਿ ਉਹ ਕਿਸੇ ਵੀ ਲਾਲਚ ਵਿਚ ਆ ਕੇ ਗੁਮਰਾਹ ਨਾ ਹੋਣ। ਵੋਟ ਪਾਉਣ ਵੇਲੇ ਇਹ ਦਿਮਾਗ ਵਿਚ ਰੱਖਣ ਕਿ ਦੇਸ਼ ਸਭ ਤੋਂ ਉੱਪਰ ਹੈ। ਭਾਜਪਾ ਨੇਤਾ ਨੇ ਦਾਅਵਾ ਕੀਤਾ ਕਿ ਪਹਿਲੇ ਤੋਂ ਪੰਜਵੇਂ ਗੇੜ ਤੱਕ ਜਿਹੜੇ ਰੁਝਾਨ ਆਏ ਹਨ, ਉਨ੍ਹਾਂ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਯੂਪੀ ਦੇ ਵੋਟਰ ਨਵਾਂ ਇਤਿਹਾਸ ਲਿਖਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 30-40 ਸਾਲਾਂ ਦੌਰਾਨ ਕੋਈ ਵੀ ਸੂਬੇ ਵਿਚ ਦੂਜੀ ਵਾਰ ਸਰਕਾਰ ਬਣਾਉਣ ਵਿਚ ਸਫ਼ਲ ਨਹੀਂ ਹੋ ਸਕਿਆ ਹੈ। ਇਹ ਪਹਿਲੀ ਵਾਰ ਹੋਵੇਗਾ ਜਦ ਭਾਜਪਾ ਲਗਾਤਾਰ ਦੂਜੀ ਵਾਰ ਸੂਬੇ ਵਿਚ ਸਰਕਾਰ ਬਣਾਏਗੀ। ਕਾਂਗਰਸ ’ਤੇ ਵਿਅੰਗ ਕਸਦਿਆਂ ਰਾਜਨਾਥ ਨੇ ਕਿਹਾ ਕਿ ਭ੍ਰਿਸ਼ਟਾਚਾਰ ਸਿਰਫ਼ ਭਾਸ਼ਣ ਦੇ ਕੇ ਖ਼ਤਮ ਨਹੀਂ ਕੀਤਾ ਜਾ ਸਕਦਾ। ਇਸ ਲਈ ਤੰਤਰ ਵਿਚ ਬਦਲਾਅ ਲਿਆਉਣਾ ਪੈਂਦਾ ਹੈ। ਭਾਜਪਾ ਆਗੂ ਯੂਪੀ ਵਿਚ ਇਹ ਰੈਲੀ ਛੇਵੇਂ ਗੇੜ ਦੀਆਂ ਚੋਣਾਂ ਲਈ ਕਰ ਰਹੇ ਸਨ। ਰਾਜਨਾਥ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸਾਰੀਆਂ ਸਕੀਮਾਂ ਦਾ ਲਾਭ ਲੋਕਾਂ ਨੂੰ ਬਿਨਾਂ ਭ੍ਰਿਸ਼ਟਾਚਾਰ ਮਿਲਿਆ ਹੈ। ਰਾਜਨਾਥ ਨੇ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਦੀ ਵੀ ਸ਼ਲਾਘਾ ਕੀਤੀ ਤੇ ਕਿਹਾ ਕਿ ਦੇਸ਼ ਦਾ ਸਿਰ ਉੱਚਾ ਹੋਇਆ ਹੈ। -ਪੀਟੀਆਈ