ਦੇਹਰਾਦੂਨ, 6 ਫਰਵਰੀ
ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਅੱਜ ਰਾਹੁਲ ਗਾਂਧੀ ’ਤੇ ਤਨਜ਼ ਕਸਦਿਆਂ ਕਿਹਾ ਕਿ ਭਾਜਪਾ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਮੰਦਰਾਂ ’ਚ ਜਾਣ ਅਤੇ ਪੂਜਾ ਕਰਨ ਵਰਗੀ ਚੰਗੀ ਗੱਲ ਸਿਖਾਈ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਰਾਹੁਲ ਗਾਂਧੀ ਨੇ ਹਰਿਦੁਆਰ ਵਿਚ ‘ਹਰਿ ਕੀ ਪੌੜੀ’ ਵਿਖੇ ਗੰਗਾ ਦੀ ਪੂਜਾ ਕੀਤੀ ਸੀ।
ਉੱਤਰਕਾਸ਼ੀ ਵਿਚ ਭਾਜਪਾ ਉਮੀਦਵਾਰਾਂ ਦੇ ਸਮਰਥਨ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਨੱਢਾ ਨੇ ਕਿਹਾ ਕਿ ਇਨ੍ਹੀਂ ਦਿਨੀਂ ਕਾਂਗਰਸੀ ਆਗੂ ਮੰਦਰਾਂ ਵਿਚ ਜਾ ਰਹੇ ਹਨ ਅਤੇ ਗੰਗਾ ਤੇ ਯਮੁਨਾ ਦੀ ਪੂਜਾ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਚੌਕਸ ਕਰਦਿਆਂ ਕਿਹਾ ਕਿ ਇਹ ਉਹੀ ਲੋਕ ਹਨ ਜਿਨ੍ਹਾਂ ਨੇ ਰਾਮ ਮੰਦਰ ਦੇ ਨਿਰਮਾਣ ਵਿਚ ਅੜਿੱਕੇ ਡਾਹੇ। ਉਨ੍ਹਾਂ ਕਿਹਾ, ‘‘ਹਾਲਾਂਕਿ, ਇਸ ਸਭ ਵਿਚ ਚੰਗੀ ਗੱਲ ਇਹ ਰਹੀ ਕਿ ਅਖ਼ੀਰ ਉਹ ਸਾਡੇ ਕੋਲੋਂ ਮੰਦਰਾਂ ਵਿਚ ਜਾਣਾ ਸਿੱਖ ਗਏ। ਮੈਂ ਖੁਸ਼ ਹਾਂ ਕਿ ਅਖ਼ੀਰ ਤੁਹਾਨੂੰ ਭਾਰਤੀ ਸੱਭਿਆਚਾਰ ਦੀ ਯਾਦ ਆਈ ਅਤੇ ਤੁਸੀਂ ਭਾਜਪਾ ਕੋਲੋਂ ਮੰਦਰਾਂ ਵਿਚ ਜਾਣਾ ਸਿੱਖ ਗਏ।’’ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਸਿਰਫ਼ ਭਾਜਪਾ ਹੀ ਵਿਕਾਸ ਕਰੇਗੀ ਅਤੇ ਅਜਿਹਾ ਕੋਈ ਘਰ ਨਹੀਂ ਹੋਵੇਗਾ ਜੋ ਵਿਕਾਸ ਤੋਂ ਵਾਂਝਾ ਰਹੇ। -ਪੀਟੀਆਈ