ਕੋਲਕਾਤਾ, 8 ਜੁਲਾਈ
ਮੁੱਖ ਅੰਸ਼
- ਐੱਫਆਈਆਰ ਦਰਜ ਕਰਨ ਵਾਲੀਆਂ ਭਾਜਪਾ ਸਰਕਾਰਾਂ ਨੂੰ ਮਾਂ ਕਾਲੀ ਨੂੰ ਚੜ੍ਹਾਏ ਜਾਣ ਵਾਲੇ ਪ੍ਰਸ਼ਾਦ ਬਾਰੇ ਅਦਾਲਤ ’ਚ ਹਲਫ਼ਨਾਮਾ ਦੇਣ ਲਈ ਕਿਹਾ
ਦੇਵੀ ਕਾਲੀ ਬਾਰੇ ਵਿਵਾਦਤ ਟਿੱਪਣੀਆਂ ਕਾਰਨ ਭਾਜਪਾ ਦੇ ਨਿਸ਼ਾਨੇ ’ਤੇ ਆਈ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਸਵਾਲ ਕੀਤਾ ਹੈ ਕਿ ਕੀ ਭਗਵਾ ਪਾਰਟੀ ਨੇ ਹਿੰਦੂ ਦੇਵੀ-ਦੇਵਤਿਆਂ ਦੀ ਰਾਖੀ ਦਾ ਠੇਕਾ ਲੈ ਰੱਖਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਬੰਗਾਲੀਆਂ ਨੂੰ ਇਹ ਸਿਖਾਏ ਕਿ ਉਹ ਮਾਂ ਕਾਲੀ ਦੀ ਪੂਜਾ ਕਿਵੇਂ ਕਰਨ। ਮਹੂਆ ਨੇ ਕਿਹਾ ਕਿ ਭਾਜਪਾ ਉੱਤਰ ਭਾਰਤ ’ਚ ਦੇਵੀ-ਦੇਵਤਿਆਂ ਦੀ ਪੂਜਾ ਦੇ ਤਰੀਕਿਆਂ ’ਤੇ ਆਧਾਰਿਤ ਆਪਣੇ ਵਿਚਾਰਾਂ ਨੂੰ ਦੇਸ਼ ਦੇ ਹੋਰ ਹਿੱਸਿਆਂ ਦੇ ਉਨ੍ਹਾਂ ਲੋਕਾਂ ’ਤੇ ਨਹੀਂ ਥੋਪ ਸਕਦੀ ਹੈ ਜੋ ਪਿਛਲੇ ਦੋ ਹਜ਼ਾਰ ਸਾਲਾਂ ਤੋਂ ਪ੍ਰਚਲਿਤ ਵੱਖ ਵੱਖ ਰੀਤੀ ਰਿਵਾਜਾਂ ਨਾਲ ਪੂਜਾ ਕਰਦੇ ਹਨ।
ਮੋਇਤਰਾ ਨੇ ਬੰਗਾਲੀ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਵੀਰਵਾਰ ਰਾਤ ਕਿਹਾ ਕਿ ਉਨ੍ਹਾਂ ਇਸ ਮੁੱਦੇ ’ਤੇ ਬੋਲ ਕੇ ਇਕ ਪ੍ਰੌੜ੍ਹ ਆਗੂ ਵਾਂਗ ਵਿਹਾਰ ਕੀਤਾ ਹੈ ਕਿਉਂਕਿ ਹਿੰਦੂਤਵ ਦੇ ਏਜੰਡੇ ਨੂੰ ਲਾਗੂ ਕਰਨ ਅਤੇ ਹੋਰ ਜਾਤ ਆਧਾਰਿਤ ਗਰੁੱਪਾਂ ’ਤੇ ਆਪਣੇ ਵਿਚਾਰ ਥੋਪਣ ਦੀਆਂ ਭਾਜਪਾ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕਰਦਿਆਂ ਦੇਸ਼ ਖਾਤਰ ਇਸ ਮਾਮਲੇ ਨੂੰ ਉਠਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ,‘‘ਨਾ ਤਾਂ ਭਗਵਾਨ ਰਾਮ ਅਤੇ ਨਾ ਹੀ ਭਗਵਾਨ ਹਨੂੰਮਾਨ ਸਿਰਫ਼ ਭਾਜਪਾ ਦੇ ਹਨ। ਕੀ ਪਾਰਟੀ ਨੇ ਹਿੰਦੂ ਧਰਮ ਦਾ ਠੇਕਾ ਲੈ ਰੱਖਿਆ ਹੈ।’’ ਉਨ੍ਹਾਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਤ੍ਰਿਣਮੂਲ ਨੇ ਪਿਛਲੇ ਸਾਲ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਕਿਵੇਂ ਹਰਾਇਆ ਸੀ। ਮਹੂਆ ਨੇ ਕਿਹਾ,‘‘ਇਹ ਬਾਹਰੀ ਲੋਕਾਂ ਦੀ ਪਾਰਟੀ ਹੈ ਜਿਸ ਨੇ ਹਿੰਦੂਤਵ ਦੀ ਸਿਆਸਤ ਥੋਪਣ ਦੀ ਕੋਸ਼ਿਸ਼ ਕੀਤੀ ਪਰ ਵੋਟਰਾਂ ਨੇ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ।’’ ਉਨ੍ਹਾਂ ਕਿਹਾ ਕਿ ਭਾਜਪਾ ਦੀ ਮੁਅੱਤਲ ਆਗੂ ਨੂਪੁਰ ਸ਼ਰਮਾ ਵੱਲੋਂ ਪੈਗੰਬਰ ਮੁਹੰਮਦ ਬਾਰੇ ਦਿੱਤੇ ਵਿਵਾਦਤ ਬਿਆਨ ਨੂੰ ਲੈ ਕੇ ਮੁਸ਼ਕਲਾਂ ’ਚ ਘਿਰੀ ਭਾਜਪਾ ਦੇਵੀ ਕਾਲੀ ਦੇ ਮੁੱਦੇ ’ਤੇ ਲੋਕਾਂ ਦਾ ਧਿਆਨ ਵੰਡਾਉਣਾ ਚਾਹੁੰਦੀ ਹੈ ਪਰ ਉਹ ਇਸ ’ਚ ਸਫ਼ਲ ਨਹੀਂ ਹੋਵੇਗੀ। ਵੱਖ ਵੱਖ ਸੂਬਿਆਂ ’ਚ ਉਨ੍ਹਾਂ ਖ਼ਿਲਾਫ਼ ਦਰਜ ਕੇਸਾਂ ਬਾਰੇ ਮਹੂਆ ਨੇ ਕਿਹਾ,‘‘ਜਿਨ੍ਹਾਂ ਸੂਬਿਆਂ ’ਚ ਐੱਫਆਈਆਰ ਦਰਜ ਕੀਤੀ ਗਈ ਹੈ, ਮੈਂ ਉਨ੍ਹਾਂ ਸੂਬਿਆਂ ਦੀਆਂ ਭਾਜਪਾ ਸਰਕਾਰਾਂ ਨੂੰ ਚੁਣੌਤੀ ਦਿੰਦੀ ਹਾਂ ਕਿ ਉਹ ਦੇਵੀ ਕਾਲੀ ਨੂੰ ਚੜ੍ਹਾਏ ਜਾਣ ਵਾਲੇ ਪ੍ਰਸ਼ਾਦ ਬਾਰੇ ਅਦਾਲਤ ਨੂੰ ਲਿਖਤੀ ਹਲਫ਼ਨਾਮਾ ਦੇਣ।’’ ਉਂਜ ਤ੍ਰਿਣਮੂਲ ਕਾਂਗਰਸ ਨੇ ਮਾਂ ਕਾਲੀ ਬਾਰੇ ਮਹੂਆ ਮੋਇਤਰਾ ਵੱਲੋਂ ਦਿੱਤੇ ਗਏ ਬਿਆਨ ਤੋਂ ਖੁਦ ਨੂੰ ਵੱਖ ਕਰ ਲਿਆ ਹੈ। ਇਸ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਉਹ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਦੀ ਵਫ਼ਾਦਾਰ ਸਿਪਾਹੀ ਹੈ ਅਤੇ ਜੇਕਰ ਕੋਈ ਮਸਲਾ ਹੈ ਤਾਂ ਉਸ ਨੂੰ ਪਾਰਟੀ ਅੰਦਰ ਸੁਲਝਾ ਲਿਆ ਜਾਵੇਗਾ। -ਪੀਟੀਆਈ