ਬੰਗਲੂਰੂ, 12 ਜੁਲਾਈ
ਮੁੱਖ ਅੰਸ਼
- ਹਿੰਦੂ ਜਥੇਬੰਦੀਆਂ ਦੇ ਸੱਦੇ ’ਤੇ ਬੰਗਲੂਰੂ ਦੇ ਚਾਮਾਰਾਜਪੇਟ ਇਲਾਕੇ ’ਚ ਦੁਕਾਨਾਂ ਰਹੀਆਂ ਬੰਦ
- ਸਕੂਲ ਕਾਲਜ ਵੀ ਰਹੇ ਬੰਦ
ਕਰਨਾਟਕ ਕਾਂਗਰਸ ਨੇ ਈਦਗਾਹ ਮੈਦਾਨ ਵਿਵਾਦ ਨੂੰ ਲੈ ਕੇ ਭਾਜਪਾ ’ਤੇ ਹਮਲਾ ਕਰਦਿਆਂ ਕਿਹਾ ਕਿ ਸੂਬੇ ਦੀ ਅਮਨ-ਸ਼ਾਂਤੀ ਵਿੱਚ ਕਿਸੇ ਤਰ੍ਹਾਂ ਦਾ ਦਖ਼ਲ ਨਾ ਦਿੱਤਾ ਜਾਵੇ। ਕਾਂਗਰਸ ਦੇ ਸੂਬਾਈ ਪ੍ਰਧਾਨ ਡੀ.ਕੇ.ਸ਼ਿਵਕੁਮਾਰ ਨੇ ਕਿਹਾ ਕਿ ਭਾਜਪਾ ਤੇ ਹੋਰਨਾਂ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਵਿਵਾਦ ਨੂੰ ਬਹੁਤੀ ਹਵਾ ਦੇ ਕੇ ਅਮਨ-ਸ਼ਾਂਤੀ ਭੰਗ ਨਾ ਕਰਨ। ਉਨ੍ਹਾਂ ਕਿਹਾ ਕਿ ਈਦਗਾਹ ਮੈਦਾਨ ਦੀ ਇਤਿਹਾਸ ਤੇ ਪੁਰਾਣੀਆਂ ਰਵਾਇਤਾਂ ਮੁਤਾਬਕ ਸਾਂਭ-ਸੰਭਾਲ ਕੀਤੀ ਜਾਵੇ। ਉਨ੍ਹਾਂ ਕਿਹਾ, ‘‘ਲੋਕਾਂ ਨੂੰ ਭੰਬਲਭੂਸੇ ਵਿੱਚ ਪਾਉਣ ਦੇ ਇਰਾਦੇ ਨਾਲ ਹੀ ਨਵੇਂ ਬਦਲਾਅ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ।’ ਸ਼ਿਵਕੁਮਾਰ ਨੇ ਕਿਹਾ, ‘‘ਅੱਜਕੱਲ੍ਹ ਸਾਰਾ ਰਿਕਾਰਡ ਤੇ ਸਾਰੇ ਦਸਤਾਵੇਜ਼ ਉਪਲਬਧ ਹਨ। ਹਰੇਕ ਚੀਜ਼ ਜਨਤਕ ਤੌਰ ’ਤੇ ਉਪਲਬਧ ਹੈ।’’ ਚੇਤੇ ਰਹੇ ਕਿ ਹਿੰਦੂ ਜਥੇਬੰਦੀਆਂ ਨੇ ਈਦਗਾਹ ਮੈਦਾਨ ਵਿਵਾਦ ਨੂੰ ਲੈ ਕੇ ਮੰਗਲਵਾਰ ਨੂੰ ਬੰਗਲੂਰੂ ਦੇ ਚਾਮਾਰਾਜਪੇਟ ਇਲਾਕੇ ਵਿੱਚ ਬੰਦ ਦਾ ਸੱਦਾ ਦਿੱਤਾ ਸੀ। ਬੰਦ ਨੂੰ ਲੈ ਕੇ ਇਲਾਕਾ ਵੀ ਫਿਰਕੂ ਲੀਹਾਂ ’ਤੇ ਵੰਡਿਆ ਨਜ਼ਰ ਆਇਆ। ਹਿੰਦੂ ਵਪਾਰੀਆਂ ਤੇ ਕਾਰੋਬਾਰੀ ਅਦਾਰਿਆਂ ਨੇ ਜਿੱਥੇ ਬੰਦ ਦੀ ਖੁੱਲ੍ਹ ਕੇ ਹਮਾਇਤ ਕੀਤੀ, ਉਥੇ ਮੁਸਲਿਮ ਵਪਾਰੀਆਂ ਨੇ ਕਾਰੋਬਾਰੀ ਅਦਾਰੇ ਬੰਦ ਕਰਨ ਤੋਂ ਨਾਂਹ ਕਰ ਦਿੱਤੀ। ਇਨ੍ਹਾਂ ਵਿੱਚੋਂ ਬਹੁਗਿਣਤੀ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਦੁਕਾਨਾਂ ਬੰਦ ਰੱਖਣ ਲਈ ਮਜਬੂਰ ਕੀਤਾ ਗਿਆ। ਹਾਲਾਂਕਿ ਇਹਤਿਆਤ ਵਜੋਂ ਬੰਗਲੂਰੂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਸੀ। ਈਦਗਾਹ ਮੈਦਾਨ ਦੇ ਆਲੇ-ਦੁਆਲੇ ਖੇਤਰਾਂ ਵਿੱਚ ਬੇਚੈਨੀ ਵਾਲੇ ਹਾਲਾਤ ਬਣੇ ਰਹੇ। ਇਲਾਕੇ ਦੇ ਸਕੂਲ- ਕਾਲਜਾਂ ਵਿੱਚ ਪਹਿਲਾਂ ਹੀ ਛੁੱਟੀ ਐਲਾਨ ਦਿੱਤੀ ਗਈ ਸੀ। ਬੰਦ ਦੇ ਸੱਦੇ ਨੂੰ 50 ਦੇ ਕਰੀਬ ਹਿੰਦੂ ਜਥੇਬੰਦੀਆਂ ਨੇ ਹਮਾਇਤ ਦਿੱਤੀ। -ਆਈਏਐੱਨਐੱਸ