ਪ੍ਰਯਾਗਰਾਜ, 24 ਫਰਵਰੀ
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਅੱਜ ਭਾਜਪਾ ਸਰਕਾਰ ’ਤੇ ਤਨਜ਼ ਕੱਸਦਿਆਂ ਕਿਹਾ ਕਿ ਇਸ ਪਾਰਟੀ ਨੇ ਚੱਪਲ ਪਹਿਨਣ ਵਾਲੇ ਲੋਕਾਂ ਨੂੰ ਜਹਾਜ਼ਾਂ ਵਿਚ ਯਾਤਰਾ ਕਰਵਾਉਣ ਦੀਆਂ ਗੱਲਾਂ ਕੀਤੀਆਂ ਸਨ, ਪਰ ਹਵਾਈ ਅੱਡੇ ਤੇ ਏਅਰਲਾਈਨਜ਼ ਹੀ ਵੇਚ ਦਿੱਤੀਆਂ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਮੇਂ ਦੌਰਾਨ ਹਵਾਈ ਚੱਪਲ ਪਹਿਨਣ ਵਾਲਿਆਂ ਨੂੰ ਹਵਾਈ ਜਹਾਜ਼ ਵਿਚ ਯਾਤਰਾ ਕਰਵਾਉਣ ਦੀਆਂ ਗੱਲਾਂ ਕੀਤੀਆਂ ਸਨ।
ਇੱਥੋਂ 30 ਕਿਲੋਮੀਟਰ ਦੂਰ ਹੰਡੀਆ ਵਿਧਾਨ ਸਭਾ ਹਲਕੇ ਵਿਚ ਇਕ ਪੌਲੀਟੈਕਨਿਕ ਕਾਲਜ ’ਚ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਯਾਦਵ ਨੇ ਦੋਸ਼ ਲਗਾਇਆ ਕਿ ਸਰਕਾਰ ਸਰਕਾਰੀ ਕੰਪਨੀਆਂ ਨੂੰ ਇਸ ਵਾਸਤੇ ਵੇਚ ਰਹੀ ਹੈ ਕਿ ਉਨ੍ਹਾਂ ਨੂੰ ਲੋਕਾਂ ਨੂੰ ਰਾਖਵਾਂਕਰਨ ਨਾ ਦੇਣਾ ਪਵੇ। ਸ੍ਰੀ ਯਾਦਵ ਨੇ ਛੇ ਹਵਾਈ ਅੱਡਿਆਂ ਦੀ ਬੋਲੀ ਅਡਾਨੀ ਸਮੂਹ ਦੇ ਹੱਕ ਵਿਚ ਜਾਣ ਅਤੇ ਘਾਟੇ ਵਿਚ ਚੱਲ ਰਹੀ ਸਰਕਾਰੀ ਏਅਰਲਾਈਨਜ਼ ਏਅਰ ਇੰਡੀਆ ਨੂੰ ਟਾਟਾ ਸਮੂਹ ਨੂੰ ਵੇਚੇ ਜਾਣ ਦੇ ਸੰਦਰਭ ਵਿਚ ਕਿਹਾ ਕਿ ਭਾਜਪਾ ਸਰਕਾਰ ਸਾਰੇ ਕੌਮੀ ਅਸਾਸਿਆਂ ਨੂੰ ਇਸ ਵਾਸਤੇ ਵੇਚ ਰਹੀ ਹੈ ਤਾਂ ਜੋ ਉਸ ਨੂੰ ਲੋਕਾਂ ਨੂੰ ਨਾ ਤਾਂ ਰਾਖਵਾਂਕਰਨ ਦੇਣਾ ਪਵੇ ਤੇ ਨਾ ਹੀ ਰੁਜ਼ਗਾਰ। ਬੇਰੁਜ਼ਗਾਰੀ ਦੇ ਮੁੱਦੇ ’ਤੇ ਕੇਂਦਰ ’ਤੇ ਹਮਲਾ ਕਰਦਿਆਂ ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿਚ ਫ਼ੌਜ ’ਚ ਭਰਤੀ ਸਬੰਧੀ ਕੋਈ ਮੁਹਿੰਮ ਨਹੀਂ ਚਲਾਈ ਹੈ। ਸ੍ਰੀ ਯਾਦਵ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਦੇ ਪੰਜ ਸਾਲ ਰੁਜ਼ਗਾਰ ਹਾਸਲ ਕਰਨ ਦੀ ਉਡੀਕ ਵਿਚ ਲੰਘ ਗਏ ਹਨ ਅਤੇ ਹੁਣ ਉਹ ਹੋਰ ਇੰਤਜ਼ਾਰ ਨਹੀਂ ਕਰਨਾ ਚਾਹੁੰਦੇ ਹਨ।
ਕੇਂਦਰੀ ਰੱਖਿਆ ਰਾਜ ਮੰਤਰੀ ਅਜੈ ਭੱਟ ਨੇ 13 ਦਸੰਬਰ ਨੂੰ ਰਾਜ ਸਭਾ ਵਿਚ ਕਿਹਾ ਸੀ ਕਿ ਸੁਰੱਖਿਆ ਬਲਾਂ ਵਿਚ 1.22 ਲੱਖ ਤੋਂ ਵੱਧ ਆਸਾਮੀਆਂ ਖਾਲੀ ਪਈਆਂ ਹਨ। ਅਖਿਲੇਸ਼ ਨੇ ਅਲਾਹਬਾਦ ਦਾ ਨਾਂ ਬਦਲ ਕੇ ਪ੍ਰਯਾਗਰਾਜ ਰੱਖਣ ਦੇ ਮਾਮਲੇ ’ਚ ਸੂਬੇ ਦੀ ਭਾਜਪਾ ਸਰਕਾਰ ’ਤੇ ਤਨਜ਼ ਕੱਸਦਿਆਂ ਦਾਅਵਾ ਕੀਤਾ ਕਿ ਨਾਮ ਬਦਲਣ ਤੋਂ ਬਾਅਦ ਇਹ ਜ਼ਿਲ੍ਹਾ ਬਦਨਾਮ ਹੋਇਆ ਹੈ, ਫਿਰ ਭਾਵੇਂ ਉਹ ਕੁੰਭ ਮੇਲੇ ਦੌਰਾਨ ਕੋਵਿਡ ਜਾਂਚ ਘੁਟਾਲੇ ਕਰ ਕੇ ਹੋਇਆ ਜਾਂ ਪੁਲੀਸ ਵੱਲੋਂ ਨੌਜਵਾਨਾਂ ’ਤੇ ਲਾਠੀਚਾਰਜ ਕਰਨ ਕਰ ਕੇ ਹੋਇਆ ਜਾਂ ਕੋਵਿਡ ਦੌਰਾਨ ਗੰਗਾ ’ਚ ਲਾਸ਼ਾਂ ਰੁੜ੍ਹਦੀਆਂ ਦੇਖਣ ਕਰ ਕੇ ਹੋਇਆ ਹੋਵੇ। -ਪੀਟੀਆਈ