ਨਵੀਂ ਦਿੱਲੀ/ਜੈਪੁਰ, 18 ਜੁਲਾਈ
ਭਾਰਤੀ ਜਨਤਾ ਪਾਰਟੀ ਨੇ ਰਾਜਸਥਾਨ ਆਡੀਓ ਟੇਪ ਮਾਮਲੇ ’ਚ ਅੱਜ ਸੀਬੀਆਈ ਜਾਂਂਚ ਦੀ ਮੰਗ ਕੀਤੀ ਹੈ। ਦੂਜੇ ਪਾਸੇ ਕਾਂਗਰਸ ਨੇ ਕਿਹਾ ਕਿ ਭਾਜਪਾ ਨੇ ਜਾਂਚ ਦੀ ਮੰਗ ਕਰਕੇ ਸਾਜ਼ਿਸ਼ ਰਚਣ ਦੀ ਗੱਲ ਕਬੂਲ ਕਰ ਲਈ ਹੈ।
ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ, ‘ਅਸੀਂ ਕਾਂਗਰਸ ਹਾਈ ਕਮਾਂਡ ਤੇ ਅਸ਼ੋਕ ਗਹਿਲੋਤ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਕੀ ਫੋਨ ਟੈਪ ਕੀਤੇ ਗਏ? ਕੀ ਤੁਸੀਂ ਫੋਨ ਟੈਪ ਕਰਕੇ ਸੰਵਿਧਾਨ ਦੀ ਉਲੰਘਣਾ ਨਹੀਂ ਕੀਤੀ।’ ਪਾਤਰਾ ਨੇ ਇਸ ਮਾਮਲੇ ’ਚ ਸੂਬਾ ਸਰਕਾਰ ਤੋਂ ਜਵਾਬ ਮੰਗਿਆ ਤੇ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ। ਦੂਜੇ ਪਾਸੇ ਕਾਂਗਰਸ ਨੇ ਕਿਹਾ ਭਾਜਪਾ ਨੇ ਆਡੀਓ ਟੇਪ ਮਾਮਲੇ ’ਚ ਸੀਬੀਆਈ ਜਾਂਚ ਦੀ ਮੰਗ ਕਰਕੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਰਾਜਸਥਾਨ ’ਚ ਅਸ਼ੋਕ ਗਹਿਲੋਤ ਦੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੀ ਸੀ। ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਕਿਹਾ, ‘ਹਰ ਰੋਜ਼ ਕੋਈ ਨਵੀਂ ਗੱਲ ਸਾਹਮਣੇ ਆ ਰਹੀ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਰਾਜਸਥਾਨ ਦੇ ਸਿਆਸੀ ਸੰਕਟ ਪਿੱਛੇ ਭਾਜਪਾ ਹੈ।’ ਰਾਜਸਥਾਨ ਕਾਂਗਰਸ ਕਮੇਟੀ ਦੇ ਪ੍ਰਧਾਨ ਗੋਵਿੰਦ ਸਿੰਘ ਦੋਤਾਸਰਾ ਨੇ ਕਿਹਾ ਕਿ ਇਸ ਮਾਮਲੇ ’ਚ ਵਿਸ਼ੇਸ਼ ਟੀਮ ਹਰਿਆਣਾ ਭੇਜੀ ਗਈ ਸੀ ਪਰ ਹਰਿਆਣਾ ਪੁਲੀਸ ਨੇ ਕੋਈ ਸਹਿਯੋਗ ਨਹੀਂ ਦਿੱਤਾ। ਉੱਧਰ ਰਾਜਸਥਾਨ ਪੁਲੀਸ ਦੇ ਵਿਸ਼ੇਸ਼ ਦਸਤੇ (ਐੱਸਓਜੀ) ਤੋਂ ਬਾਅਦ ਭ੍ਰਿਸ਼ਟਾਚਾਰ ਰੋਕੂ ਦਸਤੇ (ਏਸੀਬੀ) ਨੇ ਆਡੀਓ ਟੇਪ ਮਾਮਲੇ ’ਚ ਕੇਸ ਦਰਜ ਕਰ ਲਿਆ ਹੈ।
ਜੈਪੁਰ: ਇਸ ਦੌਰਾਨ ਅੱਜ ਇੱਕ ਸਥਾਨਕ ਅਦਾਲਤ ਨੇ ਵਿਧਾਇਕਾਂ ਦੀ ਵੇਚ-ਖਰੀਦ ਸਬੰਧੀ ਆਡੀਓ ਵਾਇਰਲ ਹੋਣ ਦੇ ਮਾਮਲੇ ’ਚ ਨਾਮਜ਼ਦ ਸੰਜੈ ਜੈਨ ਨੂੰ ਚਾਰ ਦਿਨਾਂ ਰਿਮਾਂਡ ’ਤੇ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਹੈ।
-ਪੀਟੀਆਈ
ਕਾਂਗਰਸ ਦੇ ਕਲੇਸ਼ ਦਾ ਖਮਿਆਜ਼ਾ ਜਨਤਾ ਭੁਗਤ ਰਹੀ ਹੈ: ਵਸੁੰਧਰਾ ਰਾਜੇ
ਜੈਪੁਰ: ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਦੀ ਕੌਮੀ ਮੀਤ ਪ੍ਰਧਾਨ ਵਸੁੰਧਰਾ ਰਾਜੇ ਨੇ ਅੱਜ ਕਿਹਾ ਕਿ ਕਾਂਗਰਸ ਦੇ ਅੰਦਰੂਨੀ ਕਲੇਸ਼ ਦਾ ਖਮਿਆਜ਼ਾ ਰਾਜਸਥਾਨ ਦੀ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਉਨ੍ਹਾਂ ਦੇ ਸਾਬਕਾ ਡਿਪਟੀ ਸਚਿਨ ਪਾਇਲਟ ਵਿਚਾਲੇ ਬਣੇ ਵਿਵਾਦ ਬਾਰੇ ਪਹਿਲੀ ਵਾਰ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਭਾਜਪਾ ਤੇ ਭਾਜਪਾ ਲੀਡਰਸ਼ਿਪ ’ਤੇ ਦੋਸ਼ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਰਾਜੇ ਨੇ ਟਵੀਟ ਕੀਤਾ, ‘ਇਹ ਮੰਦਭਾਗੀ ਗੱਲ ਹੈ ਕਾਂਗਰਸ ਦੇ ਅੰਦਰੂਨੀ ਕਲੇਸ਼ ਦਾ ਨੁਕਸਾਨ ਸੂਬੇ ਦੀ ਜਨਤਾ ਨੂੰ ਝੱਲਣਾ ਪੈ ਰਿਹਾ ਹੈ ਅਤੇ ਉਹ ਵੀ ਜਦੋਂ ਸੂਬੇ ’ਚ ਕਰੋਨਾ ਕਾਰਨ 500 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਤੇ 26 ਹਜ਼ਾਰ ਤੋਂ ਵੱਧ ਕਰੋਨਾ ਪੀੜਤ ਹਨ।’ -ਪੀਟੀਆਈ