ਨਵੀਂ ਦਿੱਲੀ, 22 ਨਵੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਿਛਲੇ ਪੰਜ ਸਾਲਾਂ ਵਿਚ ਮਣੀਪੁਰ ’ਚ ਸ਼ਾਂਤੀ ਬਹਾਲ ਕਰਨ ਅਤੇ ਸਰਬਪੱਖੀ ਵਿਕਾਸ ਕਰਨ ਲਈ ਸੂਬੇ ਦੀ ਭਾਜਪਾ ਸਰਕਾਰ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਰਾਜ ਵਿਚ ਕਾਨੂੰਨ ਵਿਵਸਥਾ ਵਿਚ ਵਿਆਪਕ ਸੁਧਾਰ ਹੋਇਆ ਹੈ। ਮਣੀਪੁਰ ਵਿਚ ਰਾਣੀ ਗੈਦਿਨਲਿਊ ਕਬਾਇਲੀ ਸੁਤੰਤਰਤਾ ਸੈਨਾਨੀ ਅਜਾਇਬਘਰ ਦਾ ਡਿਜੀਟਲ ਢੰਗ ਨਾਲ ਨੀਂਹ ਪੱਥਰ ਰੱਖਦੇ ਹੋਏ ਸ੍ਰੀ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਸੂਬੇ ਦੀ ਐੱਨ ਬੀਰੇਨ ਸਿੰਘ ਦੀ ਸਰਕਾਰ ਨੇ ਮਣੀਪੁਰ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ, ਸਿੱਖਿਆ, ਊਰਜਾ ਅਤੇ ਹੋਰ ਬੁਨਿਆਦੀ ਢਾਂਚੇ ਵਿਚ ਵਿਆਪਕ ਸੁਧਾਰ ਕੀਤਾ ਹੈ। ਉਨ੍ਹਾਂ ਕਿਹਾ, ‘‘ਮਣੀਪੁਰ ਵਿਚ ਸੱਤਾ ’ਚ ਆਉਣ ਤੋਂ ਪਹਿਲਾਂ ਅਸੀਂ ਬੰਦ, ਹੜਤਾਲ ਅਤੇ ਨਾਕੇ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ। ਅਸੀਂ ਇਹ ਤਿੰਨੋਂ ਚੀਜ਼ਾਂ ਖ਼ਤਮ ਵੀ ਕੀਤੀਆਂ ਅਤੇ ਮਣੀਪੁਰ ’ਚ ਕਾਨੂੰਨ ਵਿਵਸਥਾ ’ਚ ਕਾਫੀ ਸੁਧਾਰ ਕੀਤਾ ਹੈ।’’ ਗ੍ਰਹਿ ਮੰਤਰੀ ਨੇ ਕਿਹਾ ਕਿ ਜੇਕਰ ਮਣੀਪੁਰ ਵਿਚ ਪਿਛਲੇ ਪੰਜ ਸਾਲਾਂ ’ਚ ਹੋਏ ਵਿਕਾਸ ਅਤੇ ਸੂਬੇ ’ਚ ਪਿਛਲੇ 70 ਸਾਲਾਂ ਵਿਚ ਹੋਏ ਵਿਕਾਸ ਦੀ ਤੁਲਨਾ ਕੀਤੀ ਜਾਵੇ ਤਾਂ ਪਿਛਲੇ ਪੰਜ ਸਾਲਾਂ ’ਚ ਹੋਈ ਪ੍ਰਗਤੀ ਵਧੇਰੇ ਨਜ਼ਰ ਆਵੇਗੀ। -ਪੀਟੀਆਈ