ਲਖਨਊ, 23 ਸਤੰਬਰ
ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਹੈ ਕਿ ਯੂਪੀ ਵਿੱਚ ਭਾਜਪਾ ਵੱਲੋਂ ਕੀਤੇ ਵਿਕਾਸ ਦੇ ਵੱਡੇ-ਵੱਡੇ ਦਾਅਵਿਆਂ ਦਾ ਸੱਚ ਸਭ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਸੂਬੇ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਮੁੜ ਆਪਣੇ ਸੌੜੇ ਫ਼ਿਰਕੂ ਏਜੰਡੇ ਵੱਲ ਪਰਤ ਆਈ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ,‘ਹੁਣ ਪਾਰਟੀ ਨੇ ਧਾਰਮਿਕ ਭਾਵਨਾਵਾਂ ਤੇ ਹਿੰਦੂ-ਮੁਸਲਿਮ ਵੰਡ ਦੀ ਖੇਡ ਖੇਡਣੀ ਸ਼ੁਰੂ ਕਰ ਦਿੱਤੀ ਹੈ, ਪਰ ਲੋਕ ਹੁਣ ਮੁੜ ਧੋਖਾ ਨਹੀਂ ਖਾਣਗੇ ਜੋ ਉਨ੍ਹਾਂ ਦੇ ਮੂਡ ਤੋਂ ਸਪੱਸ਼ਟ ਝਲਕ ਰਿਹਾ ਹੈ। ਸਾਬਕਾ ਮੁੁੱਖ ਮੰਤਰੀ ਨੇ ਕਿਹਾ ਕਿ ਰਿਜ਼ਰਵ ਬੈਂਕ ਵੱਲੋਂ ਜਾਰੀ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਯੂਪੀ ਵਿੱਚ ਪ੍ਰਤੀ ਵਿਅਕਤੀ ਆਮਦਨ ਵਿੱਚ ਖੜੋਤ ਆ ਗਈ ਹੈ ਤੇ ਲੋਕ ਹੁਣ ਵੀ ਗ਼ਰੀਬ ਅਤੇ ਪੱਛੜੇ ਹੀ ਹਨ, ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਭਾਜਪਾ ਦੇ ਵਿਕਾਸ ਦੇ ਦਾਅਵੇ ਸਿਰਫ਼ ਫੋਕੇ ਹੀ ਹਨ। ਉਨ੍ਹਾਂ ਪੁੱਛਿਆ ਕਿ ਡਬਲ ਇੰਜਣ ਵਾਲੀ ਸਰਕਾਰ ਦੇ ਬਾਵਜੂਦ ਸਥਿਤੀ ਅਜਿਹੀ ਕਿਉਂ ਹੈ? ਦਰਅਸਲ, ਭਾਜਪਾ ਨੇ ਦਾਅਵਾ ਕੀਤਾ ਸੀ ਕਿ ਇਸ ਦੇ ਡਬਲ ਇੰਜਣ ਭਾਵ ਕੇਂਦਰ ਅਤੇ ਰਾਜ ਵਿੱਚ ਪਾਰਟੀ ਦੀਆਂ ਸਰਕਾਰਾਂ ਕਾਰਨ ਸੂਬੇ ਵਿੱਚ ਵਿਕਾਸ ਹੋਇਆ ਹੈ। -ਪੀਟੀਆਈ