ਲਖਨਊ (ਯੂਪੀ), 15 ਦਸੰਬਰ
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਜੇਕਰ ਭਾਜਪਾ ਵਿੱਚ ਮਾੜੀ-ਮੋਟੀ ਵੀ ਨੈਤਿਕਤਾ ਬਚੀ ਹੈ ਤਾਂ ਉਹ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਫੌਰੀ ਅਹੁਦੇ ਤੋਂ ਲਾਂਭੇ ਕਰੇ। ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਮਾਜਵਾਦੀ ਵਿਜੈ ਯਾਤਰਾ ਕੱਢ ਰਹੇ ਯਾਦਵ ਦੇ ਹਵਾਲੇ ਨਾਲ ਪਾਰਟੀ ਨੇ ਇਕ ਬਿਆਨ ਵਿੱਚ ਕਿਹਾ, ‘‘ਭਾਜਪਾ ਲਖੀਮਪੁਰ ਵਿੱਚ ਕਿਸਾਨਾਂ ਦੇ ਕਤਲ ਦੀ ਜ਼ਿੰਮੇਵਾਰੀ ਤੋਂ ਖ਼ੁਦ ਨੂੰ ਨਹੀਂ ਬਚਾ ਸਕਦੀ। ਭਾਜਪਾ ਦੇ ਲੋਕਾਂ ਨੇ ਸਾਜ਼ਿਸ਼ ਤਹਿਤ ਜਾਣਬੁੱਝ ਕੇ ਕਿਸਾਨਾਂ ਨੂੰ ਵਾਹਨ ਹੇਠ ਦਰੜਿਆ। ਸੱਚ ਸਾਰਿਆਂ ਦੇ ਸਾਹਮਣੇ ਆ ਗਿਆ ਹੈ।’’
ਯਾਦਵ ਨੇ ਕਥਿਤ ਕਿਹਾ, ‘‘ਸਿਟ ਰਿਪੋਰਟ ਤੋਂ ਸਾਬਤ ਹੋ ਗਿਆ ਹੈ ਕਿ ਲਖੀਮਪੁਰ ਵਿਚ ਸਾਜ਼ਿਸ਼ ਤਹਿਤ ਕਿਸਾਨਾਂ ਦੀਆਂ ਹੱਤਿਆਵਾਂ ਕੀਤੀਆਂ ਗਈਆਂ ਸਨ। ਕੇਂਦਰੀ ਗ੍ਰਹਿ ਰਾਜ ਮੰਤਰੀ ਇਸ ਸਾਜ਼ਿਸ਼ ਵਿਚ ਸ਼ਾਮਲ ਸੀ ਤੇ ਉਸ ਨੂੰ ਇਸ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਜੇਕਰ ਭਾਜਪਾ ਵਿੱਚ ਥੋੜ੍ਹੀ ਜਿਹੀ ਵੀ ਨੈਤਿਕਤਾ ਬਚੀ ਹੈ ਤਾਂ ਉਸ ਨੂੰ ਫੌਰੀ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਅਹੁਦੇ ਤੋਂ ਲਾਂਭੇ ਕਰ ਦੇਣਾ ਚਾਹੀਦਾ ਹੈ।’’ ਯਾਦਵ ਨੇ ਦਾਅਵਾ ਕੀਤਾ ਕਿ ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਨਾਲ ‘ਭਾਜਪਾ ਦਾ ਗੁੱਸਾ ਤੇ ਨਿਰਾਸ਼ਾ’ ਵਧੇਗੀ। ਉਨ੍ਹਾਂ ਕਿਹਾ, ‘‘ਹਾਰਨ ਦੇ ਖ਼ੌਫ ਕਰਕੇ ਹੋਰਨਾਂ ਰਾਜਾਂ ਦੇ ਭਾਜਪਾ ਆਗੂ ਵੀ ਉੱਤਰ ਪ੍ਰਦੇਸ਼ ਆਉਣਗੇ।’’ ਸਮਾਜਵਾਦੀ ਪਾਰਟੀ ਨੇ ਯੂਪੀ ਵਿਧਾਨ ਸਭਾ ਦੇ ਅੱਜ ਤੋਂ ਸ਼ੁਰੂ ਹੋਏ ਸਰਦ ਰੁੱਤ ਇਜਲਾਸ ਮੌਕੇ ਅਸੈਂਬਲੀ ਦੇ ਬਾਹਰ ਰੋੋਸ ਪ੍ਰਦਰਸ਼ਨ ਕਰਦਿਆਂ ਅਜ਼ੈ ਮਿਸ਼ਰਾ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਮਹਿੰਗਾਈ ਤੇ ਕਿਸਾਨਾਂ ਨਾਲ ਜੁੜੇ ਮੁੱਦੇ ਵੀ ਚੁੱਕੇ। ਅਖਿਲੇਸ਼ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਉੱਤਰ ਪ੍ਰਦੇਸ਼ ਵਿੱਚ ‘ਬੈਲ ਤੇ ਬੁਲਡੋਜ਼ਰ’ ਦੀ ਸਮੱਸਿਆ ਨਾਲ ਨਜਿੱਠੇਗੀ। -ਪੀਟੀਆਈ
ਪਿਛਲੀ ‘ਸਪਾ’ ਸਰਕਾਰ ਇਕ ਖਾਸ ਫਿਰਕੇ ਦਾ ਪੱਖ ਪੂਰਦੀ ਸੀ: ਯੋਗੀ
ਲਖਨਊ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਕਿਹਾ ਕਿ ਪਿਛਲੀ ਸਮਾਜਵਾਦੀ ਪਾਰਟੀ ਸਰਕਾਰ ਭਰਤੀ ਅਮਲ ਮੌਕੇ ਇਕ ਖਾਸ ਫਿਰਕੇ ਦਾ ਪੱਖ ਪੂਰਦੀ ਸੀ। ਯੋਗੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਸਾਲ 2017 ਦੀਆਂ ਅਸੈਂਬਲੀ ਚੋਣਾਂ ਵਿੱਚ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕੀਤਾ ਹੈ। ਭਾਜਪਾ ਆਗੂ ਨੇ ਕਿਹਾ ਕਿ ਉਨ੍ਹਾਂ ਅਗਾਮੀ ਚੋਣਾਂ ਲਈ ‘ਸੁਝਾਵ ਆਪਕਾ ਸੰਕਲਪ ਹਮਾਰਾ’ ਮੁਹਿੰਮ ਤਹਿਤ ਲੋਕਾਂ ਤੋਂ ਸੁਝਾਅ ਮੰਗੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਯੂਪੀ ਸਰਕਾਰ ਅਜਿਹੀ ਸਰਕਾਰ ਹੈ ਜੋ ਚੋਣ ਵਾਅਦਿਆਂ ਦੀ ਪੂਰਤੀ ਸਬੰਧੀ ਆਪਣਾ ਰਿਪੋਰਟ ਕਾਰਡ ਨਿਯਮਤ ਜਾਰੀ ਕਰਦੀ ਹੈ। -ਪੀਟੀਆਈ