ਨਵੀਂ ਦਿੱਲੀ: ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅੱਜ 62 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਤਹਿਤ ਮੁੱਖ ਮੰਤਰੀ ਜੈ ਰਾਮ ਠਾਕੁਰ ਇੱਕ ਵਾਰ ਫਿਰ ਸਿਰਾਜ ਹਲਕੇ ਤੋਂ ਚੋਣ ਲੜਨਗੇ। ਪਾਰਟੀ ਨੇ ਇਕ ਮੰਤਰੀ ਸਮੇਤ 11 ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਹਨ ਜਦਕਿ ਦੋ ਮੰਤਰੀਆਂ ਸੁਰੇਸ਼ ਭਾਰਦਵਾਜ ਅਤੇ ਰਾਕੇਸ਼ ਪਠਾਨੀਆ ਦੀਆਂ ਸੀਟਾਂ ਬਦਲੀਆਂ ਗਈਆਂ ਹਨ। ਭਾਜਪਾ ਦੇ ਸੀਨੀਅਰ ਆਗੂ ਅਤੇ ਸ਼ਿਮਲਾ ਸ਼ਹਿਰੀ ਹਲਕੇ ਤੋਂ ਮੌਜੂਦਾ ਵਿਧਾਇਕ ਭਾਰਦਵਾਜ ਨੂੰ ਕਸੁੰਪਟੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜਦਕਿ ਨੂਰਪੁਰ ਦੇ ਵਿਧਾਇਕ ਪਠਾਨੀਆ ਨੂੰ ਫਤਹਿਪੁਰ ਤੋਂ ਟਿਕਟ ਦਿੱਤੀ ਗਈ ਹੈ। ਧਰਮਪੁਰ ਤੋਂ ਵਿਧਾਇਕ ਅਤੇ ਰਾਜ ਸਰਕਾਰ ਵਿੱਚ ਮੰਤਰੀ ਮਹਿੰਦਰ ਸਿੰਘ ਨੂੰ ਉਨ੍ਹਾਂ ਦੇ ਪੁੱਤਰ ਰਜਤ ਠਾਕੁਰ ਨਾਲ ਬਦਲ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸਾਬਕਾ ਕੇਂਦਰੀ ਮੰਤਰੀ ਸੁਖ ਰਾਮ ਦੇ ਪੁੱਤਰ ਅਨਿਲ ਸ਼ਰਮਾ ਨੂੰ ਮੰਡੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਧੂਮਲ ਨੂੰ ਸੂਚੀ ਵਿੱਚ ਥਾਂ ਨਹੀਂ ਮਿਲੀ ਹੈ। ਪਾਰਟੀ ਸੂਤਰਾਂ ਨੇ ਦੱਸਿਆ ਕਿ 78 ਸਾਲਾ ਧੂਮਲ ਨੇ ਪਾਰਟੀ ਲੀਡਰਸ਼ਿਪ ਨੂੰ ਚੋਣ ਨਾ ਲੜਨ ਦੀ ਇੱਛਾ ਜ਼ਾਹਰ ਕੀਤੀ ਸੀ। ਧੂਮਲ ਦੇ ਪੁੱਤਰ ਅਨੁਰਾਗ ਠਾਕੁਰ ਕੇਂਦਰੀ ਮੰਤਰੀ ਹਨ। ਜ਼ਿਕਰਯੋਗ ਹੈ ਕਿ ਭਾਜਪਾ ਨੇ ਪਹਿਲਾਂ ਹੋਈਆਂ ਕੁਝ ਚੋਣਾਂ ਵਿੱਚ 75 ਸਾਲ ਤੋਂ ਵੱਧ ਉਮਰ ਦੇ ਆਗੂਆਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਤੋਂ ਗੁਰੇਜ਼ ਕੀਤਾ ਹੈ। ਸੂਬੇ ਵਿੱਚ 12 ਨਵੰਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ 25 ਅਕਤੂਬਰ ਹੈ। -ਪੀਟੀਆਈ