ਨਵੀਂ ਦਿੱਲੀ, 9 ਸਤੰਬਰ
ਭਾਜਪਾ ਨੇ ਸਾਬਕਾ ਮੁੱਖ ਮੰਤਰੀਆਂ ਵਿਜੈ ਰੂਪਾਨੀ ਨੂੰ ਪੰਜਾਬ ਤੇ ਚੰਡੀਗੜ੍ਹ ਅਤੇ ਬਿਪਲਬ ਕੁਮਾਰ ਦੇਬ ਨੂੰ ਹਰਿਆਣਾ ਮਾਮਲਿਆਂ ਦਾ ਇੰਚਾਰਜ ਨਿਯੁਕਤ ਕੀਤਾ ਹੈ। ਇਸੇ ਤਰ੍ਹਾਂ ਸਾਬਕਾ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੂੰ ਕੇਰਲਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਰੂਪਾਨੀ ਤੇ ਦੇਬ ਦੀ ਇਹ ਨਵੀਂ ਨਿਯੁਕਤੀ ਅਹਿਮ ਹੈ, ਕਿਉਂਕਿ ਇਹ ਦੋਵੇਂ ਆਗੂ ਕ੍ਰਮਵਾਰ ਗੁਜਰਾਤ ਤੇ ਤ੍ਰਿਪੁਰਾ ਦੇ ਸਾਬਕਾ ਮੁੱਖ ਮੰਤਰੀ ਹਨ, ਤੇ ਇਨ੍ਹਾਂ ਰਾਜਾਂ ਵਿੱਚ ਅਗਲੇ ਕੁਝ ਮਹੀਨਿਆਂ ਵਿੱਚ ਅਸੈਂਬਲੀ ਚੋਣਾਂ ਹੋਣੀਆਂ ਹਨ। ਸਾਬਕਾ ਕੇਂਦਰੀ ਮੰਤਰੀ ਤੇ ਸੰਸਦ ਮੈਂਬਰ ਮਹੇਸ਼ ਸ਼ਰਮਾ ਨੂੰ ਤ੍ਰਿਪੁਰਾ ਵਿੱਚ ਪਾਰਟੀ ਮਾਮਲਿਆਂ ਦਾ ਇੰਚਾਰਜ ਨਿਯੁਕਤ ਕੀਤਾ ਹੈ। ਕੌਮੀ ਸਕੱਤਰ ਨਰਿੰਦਰ ਸਿੰਘ ਰੈਣਾ ਨੂੰ ਪੰਜਾਬ ਮਾਮਲਿਆਂ ਦਾ ਸਹਿ-ਇੰਚਾਰਜ ਲਾਇਆ ਗਿਆ ਹੈ।
ਇਸੇ ਤਰ੍ਹਾਂ ਪਾਰਟੀ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਨੂੰ ਬਿਹਾਰ ਦਾ ਨਵਾਂ ਇੰਚਾਰਜ ਲਾਇਆ ਗਿਆ ਹੈ, ਜਿੱਥੇ ਪਾਰਟੀ ਜੇਡੀਯੂ ਨਾਲ ਤੋੜ-ਵਿਛੋੜੇ ਮਗਰੋਂ ਸੱਤਾ ’ਚੋਂ ਬਾਹਰ ਹੋ ਗਈ ਹੈ। ਬਿਹਾਰ ਦੇ ਸਾਬਕਾ ਮੰਤਰੀ ਮੰਗਲ ਪਾਂਡੇ ਨੂੰ ਪੱਛਮੀ ਬੰਗਾਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਹਰੀਸ਼ ਦਿਵੇਦੀ ਪਹਿਲਾਂ ਵਾਂਗ ਬਿਹਾਰ ਦੇ ਅਤੇ ਪਾਰਟੀ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਪੱਛਮੀ ਬੰਗਾਲ ਦੇ ਸਹਿ-ਇੰਚਾਰਜ ਹੋਣਗੇ। ਭਾਜਪਾ ਤਰਜਮਾਨ ਸੰਬਿਤ ਪਾਤਰਾ ਨੂੰ ਵੀ ਅਹਿਮ ਜਥੇਬੰਦਕ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਨੂੰ ਅੱਠ ਉੱਤਰ-ਪੂਰਬੀ ਰਾਜਾਂ ਦਾ ਕੋਆਰਡੀਨੇਟਰ ਤੇ ਕੌਮੀ ਸਕੱਤਰ ਰਿਤੂਰਾਜ ਸਿਨਹਾ ਨੂੰ ਸੰਯੁਕਤ ਕੋਆਰਡੀਨੇਟਰ ਥਾਪਿਆ ਗਿਆ ਹੈ। -ਪੀਟੀਆਈ