ਮੁੰਬਈ 30 ਅਪਰੈਲ
ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਪ੍ਰਧਾਨ ਊਧਵ ਠਾਕਰੇ ਨੇ ਅੱਜ ਇੱਥੇ ਭਾਜਪਾ ’ਤੇ ਸੂਬੇ ਵਿੱਚ ਹਿੰਦੂਆਂ ਨੂੰ ਵੰਡਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ। ਠਾਕਰੇ ਨੇ ਇਹ ਬਿਆਨ ਕੋਂਕਣ ਖੇਤਰ ਅਤੇ ਪੱਛਮੀ ਅਤੇ ਉੱਤਰੀ ਮਹਾਰਾਸ਼ਟਰ ਤੋਂ ਸ਼ਿਵ ਸੈਨਾ ਦੇ ਜ਼ਿਲ੍ਹਾ ਮੁਖੀਆਂ ਨੂੰ ਆਨਲਾਈਨ ਸੰਬੋਧਨ ਕਰਦਿਆਂ ਦਿੱਤਾ। ਭਾਜਪਾ ਦਾ ਨਾਂ ਲਏ ਬਿਨਾਂ ਠਾਕਰੇ ਨੇ ਦੋਸ਼ ਲਾਇਆ ਕਿ ਉਹ ਮਹਾਰਾਸ਼ਟਰ ਨੂੰ ‘ਹਿੰਦੂ-ਵਿਰੋਧੀ’ ਰੰਗ ਵਿੱਚ ਰੰਗਣ ਦੀ ਕੋਸ਼ਿਸ਼ ਕਰ ਰਹੀ ਹੈ ਜਿਵੇਂ ਕਿ ਉਸ ਨੇ ਕਥਿਤ ਤੌਰ ’ਤੇ ਪੱਛਮੀ ਬੰਗਾਲ ਅਤੇ ਕੇਰਲਾ ਦੋਵੇਂ ਗੈਰ-ਭਾਜਪਾ ਸ਼ਾਸਿਤ ਰਾਜਾਂ ਦੇ ਮਾਮਲਿਆਂ ਵਿੱਚ ਕੀਤਾ ਸੀ। ਜਦੋਂ ਤੋਂ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਨੇ ਮਹਾਰਾਸ਼ਟਰ ਵਿੱਚ ਐੱਨਸੀਪੀ ਅਤੇ ਕਾਂਗਰਸ ਨਾਲ ਹੱਥ ਮਿਲਾ ਕੇ ਸਰਕਾਰ ਬਣਾਈ ਹੈ, ਉਦੋਂ ਤੋਂ ਹੀ ਭਾਜਪਾ ਹਿੰਦੂਤਵ ਦੇ ਮੁੱਦੇ ਸਬੰਧੀ ਆਪਣੇ ਪੁਰਾਣੇ ਸਹਿਯੋਗੀ ਸ਼ਿਵ ਸੈਨਾ ਨੂੰ ਨਿਸ਼ਾਨਾ ਬਣਾ ਰਹੀ ਹੈ। ਠਾਕਰੇ ਨੇ ਦੋਸ਼ ਲਾਇਆ, ‘ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਮਹਾਰਾਸ਼ਟਰ ਦਿਸ਼ਾ ਦਿਖਾਉਂਦਾ ਹੈ। ਹੁਣ, ਮਹਾਰਾਸ਼ਟਰ ਨੂੰ ਦੁਬਾਰਾ ਦਿਸ਼ਾ ਦਿਖਾਉਣੀ ਚਾਹੀਦੀ ਹੈ… ਇਹ ਮਹਾਰਾਸ਼ਟਰ ਵਿੱਚ ਹਿੰਦੂਆਂ ਅਤੇ ਮਰਾਠੀਆਂ ਅਤੇ ਗੈਰ-ਮਰਾਠੀਆਂ ਨੂੰ ਵੰਡਣ ਦੀ ਭਾਜਪਾ ਦੀ ਸਾਜ਼ਿਸ਼ ਹੈ।’’ ਪਾਰਟੀ ਆਗੂਆਂ ਨਾਲ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਸੰਜੇ ਰਾਊਤ ਨੇ ਪਾਰਟੀ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਸੰਸਦ ਮੈਂਬਰ ਨੇ ਅੱਗੇ ਕਿਹਾ ਕਿ ਠਾਕਰੇ ਨੇ ਨੇੜਲੇ ਭਵਿੱਖ ’ਚ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਦਾ ਦੌਰਾ ਕਰਨ ਦਾ ਫ਼ੈਸਲਾ ਕੀਤਾ ਹੈ। -ਪੀਟੀਆਈ