ਨਵੀਂ ਦਿੱਲੀ, 24 ਅਗਸਤ
‘ਆਪ’ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਨੇ ਉਨ੍ਹਾਂ ਦੇ ਦਿੱਲੀ ’ਚ ਚਾਰ ਵਿਧਾਇਕਾਂ ਕੋਲ ਪਹੁੰਚ ਕਰਕੇ ਭਗਵਾ ਪਾਰਟੀ ’ਚ ਸ਼ਾਮਲ ਹੋਣ ਲਈ 20-20 ਕਰੋੜ ਰੁਪਏ ਦੀ ਪੇਸ਼ਕਸ਼ ਦਿੱਤੀ ਹੈ। ਇਸ ਦੇ ਨਾਲ ਵਿਧਾਇਕਾਂ ਨੂੰ ਧਮਕੀ ਵੀ ਦਿੱਤੀ ਗਈ ਹੈ ਕਿ ਜੇਕਰ ਉਹ ‘ਆਪ’ ਨਾਲੋਂ ਨਾਤਾ ਨਹੀਂ ਤੋੜਦੇ ਹਨ ਤਾਂ ਮਨੀਸ਼ ਸਿਸੋਦੀਆ ਵਾਂਗ ਉਹ ਵੀ ਸੀਬੀਆਈ ਅਤੇ ਈਡੀ ਦੇ ‘ਝੂਠੇ’ ਕੇਸਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ‘ਆਪ’ ਦੇ ਕੌਮੀ ਤਰਜਮਾਨ ਅਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਕਿ ਵਿਧਾਇਕਾਂ ਅਜੈ ਦੱਤ, ਸੰਜੀਵ ਝਾਅ, ਸੋਮਨਾਥ ਭਾਰਤੀ ਅਤੇ ਕੁਲਦੀਪ ਕੁਮਾਰ ਕੋਲ ਭਾਜਪਾ ਦੇ ਉਨ੍ਹਾਂ ਆਗੂਆਂ ਨੇ ਪਹੁੰਚ ਕੀਤੀ ਹੈ ਜਿਨ੍ਹਾਂ ਨਾਲ ਉਨ੍ਹਾਂ ਦੇ ਦੋਸਤਾਨਾ ਸਬੰਧ ਹਨ। ਉਨ੍ਹਾਂ ਕਿਹਾ ਕਿ ਚਾਰੋਂ ਵਿਧਾਇਕਾਂ ਨੂੰ ਇਹ ਵੀ ਪੇਸ਼ਕਸ਼ ਕੀਤੀ ਗਈ ਹੈ ਕਿ ਜੇਕਰ ਉਹ ਆਪਣੇ ਨਾਲ ਹੋਰ ਵਿਧਾਇਕ ਲੈ ਕੇ ਆਉਂਦੇ ਹਨ ਤਾਂ ਉਨ੍ਹਾਂ ਨੂੰ 25-25 ਕਰੋੜ ਰੁਪਏ ਮਿਲਣਗੇ। ਪ੍ਰੈੱਸ ਕਾਨਫਰੰਸ ਦੌਰਾਨ ਚਾਰੋਂ ਵਿਧਾਇਕ ਵੀ ਹਾਜ਼ਰ ਸਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵਿੱਟਰ ’ਤੇ ਕਿਹਾ ਕਿ ਇਹ ਬਹੁਤ ਜ਼ਿਆਦਾ ਗੰਭੀਰ ਮਾਮਲਾ ਹੈ। ਸੰਜੈ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦੋਸ਼ ਲਾਇਆ ਕਿ ਉਹ ਕੇਜਰੀਵਾਲ ਸਰਕਾਰ ਨੂੰ ਡੇਗਣ ਲਈ ਹਰ ਸੰਭਵ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਿਹਾ,‘‘ਮੋਦੀ ਜੀ ਸ਼ਰਮ ਕਰੋ। ਅਜਿਹੀਆਂ ਕੋਸ਼ਿਸ਼ਾਂ ਬੰਦ ਕਰਕੇ ਮਹਿੰਗਾਈ ਅਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ ਨੂੰ ਸੁਲਝਾਉਣ ’ਤੇ ਧਿਆਨ ਕੇਂਦਰਤ ਕਰੋ।’’ ਉਧਰ ਮਨੀਸ਼ ਸਿਸੋਦੀਆ ਨੇ ਟਵਿੱਟਰ ’ਤੇ ਕਿਹਾ ਕਿ ‘ਆਪ’ ਵਿਧਾਇਕ ਆਪਣੀਆਂ ਜਾਨਾਂ ਦੇ ਦੇਣਗੇ ਪਰ ਉਹ ਪਾਰਟੀ ਨੂੰ ਕਦੇ ਵੀ ਧੋਖਾ ਨਹੀਂ ਦੇਣਗੇ ਕਿਉਂਕਿ ਉਹ ਕੇਜਰੀਵਾਲ ਦੇ ਸਿਪਾਹੀ ਅਤੇ ਸ਼ਹੀਦ ਭਗਤ ਸਿੰਘ ਦੇ ਪੈਰੋਕਾਰ ਹਨ। -ਪੀਟੀਆਈ
ਕੇਜਰੀਵਾਲ ਅਤੇ ਸਿਸੋਦੀਆ ਨੂੰ ਭ੍ਰਿਸ਼ਟਾਚਾਰ ਦੇ ਵਰਗ ’ਚ ਮਿਲ ਸਕਦੈ ਭਾਰਤ ਰਤਨ: ਕਾਂਗਰਸ
ਨਵੀਂ ਦਿੱਲੀ: ਆਬਕਾਰੀ ਨੀਤੀ ’ਚ ਕਥਿਤ ਬੇਨਿਯਮੀਆਂ ’ਤੇ ‘ਆਪ’ ਖ਼ਿਲਾਫ਼ ਹਮਲਾ ਬੋਲਦਿਆਂ ਕਾਂਗਰਸ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਡਿਪਟੀ ਮਨੀਸ਼ ਸਿਸੋਦੀਆ ਨੂੰ ਭ੍ਰਿਸ਼ਟਾਚਾਰ ਦੇ ਵਰਗ ’ਚ ਭਾਰਤ ਰਤਨ ਮਿਲ ਸਕਦਾ ਹੈ। ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਅਨਿਲ ਚੌਧਰੀ ਨੇ ਸਵਾਲ ਕੀਤਾ ਕਿ ਕੇਜਰੀਵਾਲ ਆਪਣੇ ‘ਦਾਗ਼ੀ’ ਮੰਤਰੀਆਂ ਨੂੰ ਬਰਖ਼ਾਸਤ ਕਿਉਂ ਨਹੀਂ ਕਰਦੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੀ ਆਬਕਾਰੀ ਨੀਤੀ ’ਤੇ ਸਵਾਲ ਉਠਾਏ ਸਨ ਪਰ ਹੁਣ ਉਸ ਨੂੰ ਸਹੀ ਠਹਿਰਾ ਰਹੇ ਹਨ। ਉਨ੍ਹਾਂ ਕਿਹਾ ਕਿ ਦੀਕਸ਼ਿਤ ਦੀਆਂ ਨੀਤੀਆਂ ਦੀ ਆਲੋਚਨਾ ਕਰਨ ਵਾਲੇ ਕੀ ਅੱਜ ਮੁਆਫ਼ੀ ਮੰਗਣਗੇ। ਉਨ੍ਹਾਂ ਕਿਹਾ ਕਿ ਭਾਜਪਾ ਦੇ ਲੈਫ਼ਟੀਨੈਂਟ ਗਵਰਨਰ ਅਤੇ ਮੁੱਖ ਮੰਤਰੀ ਵਿਚਕਾਰ ਅਜਿਹਾ ਕਿਹੜਾ ਸਮਝੌਤਾ ਹੋਇਆ ਸੀ ਕਿ ਆਬਕਾਰੀ ਨੀਤੀ ਨੂੰ ਪਾਸ ਕਰ ਦਿੱਤਾ ਗਿਆ ਸੀ। -ਪੀਟੀਆਈ
‘ਆਪ’ ਵਿਧਾਇਕਾਂ ਨੂੰ ਸ਼ਰਾਬ ਮਾਫ਼ੀਆ ਤੋਂ ਮਿਲੀ ਹੋਵੇਗੀ ਪੇਸ਼ਕਸ਼: ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ‘ਆਪ’ ਵੱਲੋਂ ਲਾਏ ਗਏ ਦੋਸ਼ ਨਕਾਰਦਿਆਂ ਦਾਅਵਾ ਕੀਤਾ ਹੈ ਕਿ ‘ਆਪ’ ਵਿਧਾਇਕਾਂ ਨੂੰ ਸ਼ਰਾਬ ਮਾਫ਼ੀਆ ਤੋਂ 20-20 ਕਰੋੜ ਰੁਪਏ ਦੀ ਪੇਸ਼ਕਸ਼ ਮਿਲੀ ਹੋਵੇਗੀ। ਭਾਜਪਾ ਤਰਜਮਾਨ ਸੰਬਿਤ ਪਾਤਰਾ ਨੇ ਕਿਹਾ ਕਿ ‘ਆਪ’ ਉਨ੍ਹਾਂ ਵਿਅਕਤੀਆਂ ਦੇ ਨਾਮ ਕਿਉਂ ਨਹੀਂ ਦੱਸਦੀ ਜਿਨ੍ਹਾਂ ਉਨ੍ਹਾਂ ਕੋਲ ਪਹੁੰਚ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ’ਚ ਨਾਜਾਇਜ਼ ਲਾਹਾ ਲੈਣ ਲਈ ‘ਆਪ’ ਸਰਕਾਰ ਨੇ ਆਪਣੀ ਹੀ ਕਮੇਟੀ ਦੇ ਸੁਝਾਵਾਂ ਦਾ ਪਾਲਣ ਨਹੀਂ ਕੀਤਾ। ਪਾਤਰਾ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਬਕਾਰੀ ਨੀਤੀ ਘੁਟਾਲੇ ਦੇ ਸਰਗਨਾ ਹਨ ਪਰ ਉਨ੍ਹਾਂ ਇਕ ਵੀ ਫਾਈਲ ’ਤੇ ਦਸਤਖ਼ਤ ਨਹੀਂ ਕੀਤੇ ਤਾਂ ਜੋ ਜਾਂਚ ਤੋਂ ਬਚਿਆ ਜਾ ਸਕੇ। -ਪੀਟੀਆਈ
ਕੇਜਰੀਵਾਲ ਨੇ ਪਾਰਟੀ ਦੇ ਸਾਰੇ ਵਿਧਾਇਕਾਂ ਦੀ ਅੱਜ ਮੀਟਿੰਗ ਸੱਦੀ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ‘ਆਪ’ ਦੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਦੀ ਇੱਥੇ ਹੋਈ ਮੀਟਿੰਗ ਦੌਰਾਨ ਭਾਜਪਾ ਵੱਲੋਂ ਪਾਰਟੀ ਦੇ ਵਿਧਾਇਕਾਂ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਦੀ ਨਿਖੇਧੀ ਕੀਤੀ ਗਈ। ਮੀਟਿੰਗ ਦੌਰਾਨ ਭਾਜਪਾ ਨੂੰ ਸਵਾਲ ਕੀਤਾ ਗਿਆ ਕਿ ਉਹ ਦੇਸ਼ ਨੂੰ ਦੱਸੇ ਕਿ ਵਿਧਾਇਕਾਂ ਨੂੰ ਖ਼ਰੀਦਣ ਲਈ ਪੈਸਾ ਉਨ੍ਹਾਂ ਕੋਲ ਕਿਥੋਂ ਆਇਆ। ਪੀਏਸੀ ਨੇ ਮਤਾ ਪਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਹੋਰ ਪਾਰਟੀਆਂ ਦੀਆਂ ਸਰਕਾਰਾਂ ਡੇਗਣ ਦੀ ਬਜਾਏ ਉਹ ਲੋਕਾਂ ਦੀਆਂ ਸਮੱਸਿਆਵਾਂ ਸੁਲਝਾਉਣ ਦੀਆਂ ਕੋਸ਼ਿਸ਼ਾਂ ਕਰਨ। ਮੀਟਿੰਗ ਤੋਂ ਬਾਅਦ ਸੰਜੈ ਸਿੰਘ ਨੇ ਦੱਸਿਆ ਕਿ ਭਲਕੇ 11 ਵਜੇ ‘ਆਪ’ ਦੇ ਸਾਰੇ ਵਿਧਾਇਕਾਂ ਦੀ ਮੀਟਿੰਗ ਸੱਦੀ ਗਈ ਹੈ ਜਿਸ ’ਚ ਪਾਰਟੀ ਦੀ ਭਵਿੱਖ ਦੀ ਰਣਨੀਤੀ ਬਾਰੇ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ’ਚ ‘ਆਪ’ ਸਰਕਾਰ ਸਥਿਰ ਹੈ ਅਤੇ ਕੋਈ ਵੀ ਵਿਧਾਇਕ ਭਾਜਪਾ ’ਚ ਨਹੀਂ ਜਾ ਰਿਹਾ ਹੈ।