ਨਵੀਂ ਦਿੱਲੀ, 14 ਮਾਰਚ
ਭਾਜਪਾ ਨੇ ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲਾ ਅਤੇ ਅਸਾਮ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਪਾਰਟੀ ਨੇ ਕੇਰਲਾ ਲਈ 112 ਉਮੀਦਵਾਰਾਂ ਦੇ ਨਾਂ ਜਾਰੀ ਕੀਤੇ ਹਨ, ਜਿੱਥੇ ਇਸ ਵੱਲੋਂ 140 ਸੀਟਾਂ ’ਚੋਂ 115 ਸੀਟਾਂ ’ਤੇ ਚੋਣ ਲੜੀ ਜਾ ਰਹੀ ਹੈ ਜਦਕਿ ਅਸਾਮ ਲਈ 17 ਅਤੇ ਪੱਛਮੀ ਬੰਗਾਲ ਵਿੱਚ ਤੀਜੇ ਤੇ ਚੌਥੇ ਪੜਾਅ ਦੀਆਂ ਚੋਣਾਂ ਲਈ 63 ਉਮੀਦਵਾਰਾਂ ਦੇ ਨਾਂ ਐਲਾਨੇ ਹਨ। ਪੱਛਮੀ ਬੰਗਾਲ ਵਿੱਚ ਭਾਜਪਾ ਨੇ ਸਰਕਾਰ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਅਸ਼ੋਕ ਲਹਿਰੀ ਨੂੰ ਅਲੀਪੁਰਦੁਆਰ ਸੀਟ, ਕੇਂਦਰੀ ਮੰਤਰੀ ਬਾਬੁਲ ਸੁਪਰੀਓ ਨੂੰ ਟੌਲੀਗੰਗ ਅਤੇ ਸਵਪਨ ਦਾਸਗੁਪਤਾ ਨੂੰ ਤਾਰਕੇਸ਼ਵਰ ਵਿਧਾਨ ਸਭਾ ਹਲਕਾ ਤੋਂ ਉਮੀਦਵਾਰ ਐਲਾਨਿਆ ਹੈ। ਅਦਾਕਾਰੀ ਤੋਂ ਰਾਜਨੀਤੀ ਦੇ ਖੇਤਰ ’ਚ ਆਏ ਤੇ ਮੌਜੂਦਾ ਐੱਮਪੀ ਲੌਕੇਟ ਚੈਟਰਜੀ ਨੂੰ ਚੁਨਚੁਰਾ ਅਤੇ ਐੱਮਪੀ ਨਿਸ਼ਿਤ ਪਰਮਾਨਿਕ ਨੂੰ ਦਿਨਹਾਤਾ ਵਿਧਾਨ ਸਭਾ ਹਲਕਿਆਂ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਪੱਛਮੀ ਬੰਗਾਲ ਦੇ ਜ਼ਿਆਦਾ ਜੋਖ਼ਮ ਵਾਲੇ ਹਲਕਿਆਂ ਤੋਂ ਕਈ ਫ਼ਿਲਮੀ ਹਸਤੀਆਂ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਕੇਰਲਾ ਵਿੱਚ ਵੀ ਅਜਿਹਾ ਹੀ ਰੁਝਾਨ ਵੇਖਣ ਨੂੰ ਮਿਲਿਆ ਹੈ, ਜਿੱਥੇ ਭਾਜਪਾ ਨੇ ‘ਮੈਟਰੋਮੈਨ’ ਈ. ਸ੍ਰੀਧਰਨ ਨੂੰ ਪਲੱਕੜ ਅਤੇ ਸਾਬਕਾ ਕੇਂਦਰੀ ਮੰਤਰੀ ਕੇ ਜੇ ਅਲਫੌਂਸ ਨੂੰ ਕੰਜਿਰਾਪੱਲੀ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਤਾਮਿਲਨਾਡੂ ਵਿੱਚ ਅਦਾਕਾਰ ਤੋਂ ਰਾਜਸੀ ਆਗੂ ਬਣੀ ਖੁਸ਼ਬੂ ਸੁੰਦਰ ਨੂੰ ਥਾਊਸੈਂਡ ਲਾਈਟਜ਼ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਐਲਾਨਿਆ ਹੈ। ਭਾਜਪਾ ਦੀ ਮਹਿਲਾ ਸੈੱਲ ਦੀ ਮੁਖੀ ਵਾਂਤੀ ਸ੍ਰੀਨਿਵਾਸਨ ਨੂੰ ਫ਼ਿਲਮ ਸਟਾਰ ਕਮਲ ਹਾਸਨ ਖ਼ਿਲਾਫ਼ ਕੋਇੰਬਟੂਰ ਦੱਖਣ ਸੀਟ ਤੋਂ ਉਮੀਦਵਾਰ ਐਲਾਨਿਆ ਗਿਆ ਹੈ।
ਅਸਾਮ ਵਿੱਚ ਹਸੀਨਾਰਾ ਖਾਤੂਨ ਨੂੰ ਬਾਘਬਰ ਅਤੇ ਸੁਮਨ ਹਰੀਪ੍ਰਿਯਾ ਨੂੰ ਹਾਜੋ ਵਿਧਾਨ ਸਭਾ ਹਲਕਿਆਂ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਇੱਥੇ ਭਾਜਪਾ ਹੈੱਡਕੁਆਰਟਰ ’ਚ ਇੱਕ ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਅਰੁਨ ਸਿੰਘ ਨੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਦਿਆਂ ਕਿਹਾ ਕਿ ਚੋਣਾਂ ਵਾਲੇ ਸਾਰੇ ਸੂਬਿਆਂ ਵਿੱਚ ਮਾਹੌਲ ਭਾਜਪਾ ਉਮੀਦਵਾਰਾਂ ਦੇ ਪੱਖ ’ਚ ਹੈ। -ਪੀਟੀਆਈ