ਨਵੀਂ ਦਿੱਲੀ, 20 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਕੋਵਿਡ-19 ਪ੍ਰਬੰਧਨ ਦੇ ਮੁੱਦੇ ’ਤੇ ਵਿਰੋਧੀ ਦੇ ਦੋਸ਼ਾਂ ਦਾ ਢੁੱਕਵਾਂ ਜਵਾਬ ਦੇਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਕਾਂਗਰਸ ‘ਕੋਮਾ’ ’ਚ ਹੈ ਅਤੇ ਇਹ ਭਾਜਪਾ ਦਾ ਸੱਤਾ ’ਚ ਆਉਣਾ ਬਰਦਾਸ਼ਤ ਨਹੀਂ ਕਰ ਪਾ ਰਹੀ।
ਭਾਜਪਾ ਦੀ ਸੰਸਦੀ ਪਾਰਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਸੰਸਦ ਦੇ ਦੋਵਾਂ ਸਦਨਾਂ ’ਚ ਚਰਚਾ ਕਰਨਾ ਚਾਹੁੰਦੀ ਸੀ ਪਰ ਵਿਰੋਧੀ ਧਿਰ ਨੇ ਗ਼ੈਰ-ਜ਼ਿੰਮੇਵਾਰੀ ਵਾਲਾ ਰਵੱਈਆ ਦਿਖਾਇਆ ਹੈ। ਵਿਰੋਧੀ ਧਿਰ ਵੱਲੋਂ ਮਹਾਮਾਰੀ ਨਾਲ ਨਜਿੱਠਣ ਦੇ ਮਾਮਲੇ ’ਚ ਸਰਕਾਰ ’ਤੇ ਲਾਏ ਜਾ ਰਹੇ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਕੋਵਿਡ-19 ਸੰਕਟ ਕੋਈ ਸਿਆਸੀ ਮੁੱਦਾ ਨਹੀਂ ਬਲਕਿ ਇਹ ਮਨੁੱਖਤਾ ਦਾ ਮਸਲਾ ਹੈ ਅਤੇ ਸਰਕਾਰ ਯਕੀਨ ਦਿਵਾਉਂਦੀ ਹੈ ਕਿ ਉਹ ਕਿਸੇ ਨੂੰ ਵੀ ਭੁੱਖਾ ਨਹੀਂ ਸੌਣ ਦੇਵੇਗੀ। ਉਨ੍ਹਾਂ ਨਾਲ ਹੀ ਆਪਣੇ ਸੰਸਦ ਮੈਂਬਰਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਉਨ੍ਹਾਂ ਦੇ ਹਲਕਿਆਂ ’ਚ ਕੋਵਿਡ-19 ਟੀਕਾਕਰਨ ਸਹੀ ਢੰਗ ਨਾਲ ਚੱਲਦਾ ਰਹੇ।
ਮੀਟਿੰਗ ਦੇ ਵੇਰਵੇ ਸਾਂਝੇ ਕਰਦਿਆਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਵਿਰੋਧੀ ਤੇ ਖਾਸ ਕਰਕੇ ਕਾਂਗਰਸ ਦੇ ਸੰਸਦ ’ਚ ਰਵੱਈਏ ’ਤੇ ਚਿੰਤਾ ਜ਼ਾਹਿਰ ਕੀਤੀ ਹੈ ਜੋ ਇਹ ਮੰਨਦੀ ਹੈ ਕਿ ਸੱਤਾ ’ਚ ਰਹਿਣ ਦਾ ਅਧਿਕਾਰ ਸਿਰਫ਼ ਉਸ ਦਾ ਹੈ। ਉਨ੍ਹਾਂ ਕਿਹਾ ਦੁਨੀਆ ’ਚ ਇੱਕ ਸਦੀ ਬਾਅਦ ਮਹਾਮਾਰੀ ਆਉਂਦੀ ਹੈ। ਪਿਛਲੀ ਵਾਰ ਲੋਕਾਂ ਨੇ ਭੁੱਖਮਰੀ ਦਾ ਸਾਹਮਣਾ ਕੀਤਾ ਸੀ ਪਰ ਇਸ ਵਾਰ ਸਰਕਾਰ ਨੇ ਯਕੀਨੀ ਬਣਾਇਆ ਹੈ ਕਿ ਕੋਈ ਵੀ ਭੁੱਖਾ ਨਹੀਂ ਸੌਂਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਮਹਾਮਾਰੀ ਦੇ ਦੌਰ ’ਚ ਲੋਕਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਨ ਤੇ ਭਾਜਪਾ ਸੰਸਦ ਮੈਂਬਰ ਨੂੰ ਆਪਣੇ ਹਲਕੇ ਦੇ ਲੋਕਾਂ ਨੂੰ ਹਰ ਸੰਭਵ ਰਾਹਤ ਪਹੁੰਚਾਉਣ ਲਈ ਕਿਹਾ ਹੈ। -ਪੀਟੀਆਈ