ਨਵੀਂ ਦਿੱਲੀ, 2 ਅਗਸਤ
ਉੱਤਰ-ਪੂਰਬੀ ਰਾਜਾਂ ਦੇ ਭਾਜਪਾ ਸੰਸਦ ਮੈਂਬਰਾਂ ਨੇ ਅੱਜ ਅਸਾਮ-ਮਿਜ਼ੋਰਮ ਅੰਤਰ-ਰਾਜੀ ਸਰਹੱਦੀ ਵਿਵਾਦ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਾਂਗਰਸ ’ਤੇ ਇਸ ਸੰਵੇਦਨਸ਼ੀਲ ਮੁੱਦੇ ਦਾ ਸਿਆਸੀਕਰਨ ਦਾ ਦੋਸ਼ ਲਾਇਆ ਹੈ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਦੋਸ਼ ਲਾਇਆ ਕਿ ਵਿਦੇਸ਼ੀ ਤਾਕਤਾਂ ਇਸ ਖੇਤਰ ਵਿਚ ਅੱਗ ਉਤੇ ਤੇਲ ਪਾਉਣ ਦੀ ਕੰਮ ਕਰ ਰਹੀਆਂ ਹਨ, ਚੀਜ਼ਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਮੀਟਿੰਗ ਦੇ ਵੇਰਵਿਆਂ ਮੁਤਾਬਕ ਇਸ ਮੌਕੇ ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਉੱਤਰ-ਪੂਰਬ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਹੈ। ਰਿਜਿਜੂ ਨੇ ਮੋਦੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਉੱਤਰ-ਪੂਰਬੀ ਖਿੱਤੇ ਨੂੰ ਰਾਜਨੀਤਕ ਨਜ਼ਰੀਏ ਤੋਂ ਬਿਲਕੁਲ ਨਹੀਂ ਦੇਖਦੇ। ਮੋਦੀ ਨੂੰ ਸੌਂਪੇ ਮੈਮੋਰੰਡਮ ਵਿਚ ਭਾਜਪਾ ਸੰਸਦ ਮੈਂਬਰਾਂ ਨੇ ਕਿਹਾ ਕਿ ਉਹ ਉਨ੍ਹਾਂ ਸਾਰਿਆਂ ਜੋ ਅਸਾਮ-ਮਿਜ਼ੋਰਮ ਮੁੱਦੇ ਨੂੰ ਭਾਰਤ ਵਿਚ ‘ਗੜਬੜੀ ਫੈਲਾਉਣ ਲਈ ਵਰਤਣਾ ਚਾਹੁੰਦੇ ਹਨ’, ਨੂੰ ਦੱਸਣਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਇਹ ਹੱਥਕੰਡੇ ਕੰਮ ਨਹੀਂ ਕਰਨਗੇ। ਸੰਸਦ ਮੈਂਬਰਾਂ ਨੇ ਨਾਲ ਹੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਐਨਡੀਏ ਸਰਕਾਰ ਨੇ ਉੱਤਰ-ਪੂਰਬ ’ਚ ‘ਇਤਿਹਾਸਕ ਵਿਕਾਸ ਕਾਰਜ ਕਰਵਾਏ ਹਨ।’ ਪ੍ਰਧਾਨ ਮੰਤਰੀ ਨਾਲ ਬੈਠਕ ਮੌਕੇ 16 ਸੰਸਦ ਮੈਂਬਰ ਮੌਜੂਦ ਸਨ ਜਿਨ੍ਹਾਂ ਵਿਚੋਂ 12 ਅਸਾਮ ਦੇ ਸਨ। ਜਦਕਿ ਦੋ ਅਰੁਣਾਚਲ ਪ੍ਰਦੇਸ਼ ਤੋਂ ਅਤੇ ਇਕ-ਇਕ ਮਨੀਪੁਰ ਤੇ ਤ੍ਰਿਪੁਰਾ ਤੋਂ ਸੀ। ਇਸੇ ਦੌਰਾਨ ਅੱਜ ਮਿਜ਼ੋਰਮ ਦੇ ਰਾਜਪਾਲ ਕੇ. ਹਰੀ ਬਾਬੂ ਨੇ ਵੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਮਸਲੇ ਦਾ ਹੱਲ ਲੱਭਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ। -ਪੀਟੀਆਈ
ਮਿਜ਼ੋਰਮ ਦੇ ਸੰਸਦ ਮੈਂਬਰ ਖ਼ਿਲਾਫ਼ ਕੇਸ ਵਾਪਸ ਲਏਗਾ ਅਸਾਮ
ਗੁਹਾਟੀ: ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਅੱਜ ਕਿਹਾ ਕਿ ਉਨ੍ਹਾਂ ਮਿਜ਼ੋਰਮ ਦੇ ਸੰਸਦ ਮੈਂਬਰ ਕੇ. ਵਨਲਾਲਵੇਨਾ ਖ਼ਿਲਾਫ਼ ਦਰਜ ਐਫਆਈਆਰ ਵਾਪਸ ਲੈਣ ਦਾ ਹੁਕਮ ਦੇ ਦਿੱਤਾ ਹੈ। ਸਰਮਾ ਨੇ ਹਾਲਾਂਕ ਕਿਹਾ ਕਿ ਮਿਜ਼ੋਰਮ ਦੇ ਛੇ ਸਰਕਾਰੀ ਅਧਿਕਾਰੀਆਂ ਖ਼ਿਲਾਫ਼ ਦਰਜ ਕੇਸਾਂ ਦੀ ਜਾਂਚ ਜਾਰੀ ਰਹੇਗੀ। ਸਰਮਾ ਨੇ ਆਪਣੇ ਟਵੀਟ ਵਿਚ ਮਿਜ਼ੋਰਮ ਦੇ ਮੁੱਖ ਮੰਤਰੀ ਜ਼ੋਰਾਮਥਾਂਗਾ ਦੀ ਮਸਲਾ ਹੱਲ ਕਰਨ ਲਈ ਕੀਤੇ ਜਾ ਰਹੇ ਯਤਨਾਂ ਲਈ ਸ਼ਲਾਘਾ ਕੀਤੀ। ਸੰਸਦ ਮੈਂਬਰ ਖ਼ਿਲਾਫ਼ ‘ਭੜਕਾਊ ਬਿਆਨਬਾਜ਼ੀ’ ਲਈ ਕੇਸ ਦਰਜ ਕੀਤਾ ਗਿਆ ਸੀ। -ਪੀਟੀਆਈ