ਲਖਨਊ, 3 ਮਾਰਚ
ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਕੌਸ਼ਲ ਕਿਸ਼ੋਰ ਦੇ ਪੁੱਤਰ ’ਤੇ ਅੱਜ ਤੜਕੇ ਗੋਲੀ ਚੱਲਣ ਦੀ ਸੂਚਨਾ ਮਿਲੀ ਹੈ, ਪਰ ਪੁਲੀਸ ਦਾ ਦਾਅਵਾ ਹੈ ਕਿ ਉਸ ਨੇ ਕੁਝ ਵਿਅਕਤੀਆਂ ਨੂੰ ਫਸਾਉਣ ਲਈ ਆਪਣੇ ਰਿਸ਼ਤੇਦਾਰ (ਸਾਲਾ) ਨਾਲ ਮਿਲ ਕੇ ਹਮਲੇ ਦਾ ਇਹ ਡਰਾਮਾ ਰਚਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਮੋਹਨਲਾਲਗੰਜ ਲੋਕ ਸਭਾ ਹਲਕੇ ਤੋਂ ਭਾਜਪਾ ਸੰਸਦ ਮੈਂਬਰ ਕੌਸ਼ਲ ਕਿਸ਼ੋਰ ਦੇ ਪੁੱਤਰ ਆਯੂਸ਼ (30) ’ਤੇ ਮਡਿਆਓਂ ਇਲਾਕੇ ਵਿੱਚ ਤੜਕੇ 2 ਵਜੇ ਗੋਲੀ ਚਲਾ ਦਿੱਤੀ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ। ਲਖਨਊ ਪੁਲੀਸ ਦੇ ਕਮਿਸ਼ਨਰ ਡੀ.ਕੇ. ਠਾਕੁਰ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਆਯੂਸ਼ ਨੇ ਆਪਣੇ ਰਿਸ਼ਤੇਦਾਰ ਨਾਲ ਮਿਲ ਕੇ ਗੋਲੀ ਚੱਲਣ ਦਾ ਡਰਾਮਾ ਰਚਿਆ ਸੀ।’’ ਉਨ੍ਹਾਂ ਕਿਹਾ ਕਿ ਕਿਸੇ ਨੇ ਵੀ ਅਜੇ ਤੱਕ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ। ਹਮਲੇ ’ਚ ਇਸਤੇਮਾਲ ਕੀਤਾ ਗਿਆ ਹਥਿਆਰ ਬਰਾਮਦ ਹੋਣ ਤੋਂ ਬਾਅਦ ਹੀ ਕੇਸ ਦਰਜ ਕੀਤਾ ਜਾਵੇਗਾ।
ਮਡਿਆਓਂ ਥਾਣੇ ਦੇ ਮੁਖੀ ਮਨੋਜ ਕੁਮਾਰ ਨੇ ਕਿਹਾ ਕਿ ਇਹ ਘਟਨਾ ਤੜਕੇ 2 ਵਜੇ ਦੀ ਹੈ। ਆਯੂਸ਼ ਦੇ ਰਿਸ਼ਤੇਦਾਰ ਆਦਰਸ਼ ਨੂੰ ਹਿਰਾਸਤ ’ਚ ਲਿਆ ਗਿਆ ਹੈ ਅਤੇ ਉਸ ਨੇ ਮੰਨਿਆ ਹੈ ਕਿ ਉਸੇ ਨੇ ਆਯੂਸ਼ ’ਤੇ ਗੋਲੀ ਚਲਾਈ ਸੀ। ਆਦਰਸ਼ ਨੇ ਮੰਨਿਆ ਕਿ ਉਸ ਨੇ ਆਯੂਸ਼ ’ਤੇ ਗੋਲੀ ਕੁਝ ਵਿਅਕਤੀਆਂ ਨੂੰ ਫਸਾਉਣ ਲਈ ਚਲਾਈ ਸੀ। ਉਨ੍ਹਾਂ ਕਿਹਾ ਕਿ ਜਾਂਚ ਅਜੇ ਵੀ ਜਾਰੀ ਹੈ।
ਉੱਧਰ, ਭਾਜਪਾ ਸੰਸਦ ਮੈਂਬਰ ਕੌਸ਼ਲ ਕਿਸ਼ੋਰ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੇ ਉਨ੍ਹਾਂ ਨੂੰ ਕੋਈ ਨਾਂ ਨਹੀਂ ਦੱਸਿਆ ਹੈ। ਉਨ੍ਹਾਂ ਕਿਹਾ ਕਿ ਆਯੂਸ਼ ਨੇ ਉਨ੍ਹਾਂ ਨੂੰ ਸਿਰਫ਼ ਇਹੀ ਦੱਸਿਆ ਹੈ ਕਿ ਉਹ ਆਪਣੇ ਰਿਸ਼ਤੇਦਾਰ ਨਾਲ ਬਾਹਰ ਗਿਆ ਸੀ ਤਾਂ ਹਮਲਾ ਹੋ ਗਿਆ। ਉਨ੍ਹਾਂ ਕਿਹਾ, ‘‘ਆਯੂਸ਼ ਤੇ ਆਦਰਸ਼ ਜ਼ਿਆਦਾ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਹ ਕੀ ਕਹਿ ਰਹੇ ਹਨ। ਉਨ੍ਹਾਂ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ। ਉਹ ਕਿਸੇ ਨੂੰ ਕਿਉਂ ਫਸਾਉਣਗੇ। ਮੈਨੂੰ ਕੋਈ ਅੰਦਾਜ਼ਾ ਨਹੀਂ ਹੈ। ਪੁਲੀਸ ਕਮਿਸ਼ਨਰ ਡੀ.ਕੇ. ਠਾਕੁਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਆਯੂਸ਼ ਅਤੇ ਉਸ ਦੇ ਸਾਲੇ ਆਦਰਸ਼ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਅਤੇ ਆਦਰਸ਼ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ।
-ਪੀਟੀਆਈ