ਮੁੰਬਈ, 5 ਜਨਵਰੀ
ਵਿਸ਼ੇਸ਼ ਐਨਆਈਏ ਅਦਾਲਤ ਨੇ ਮਾਲੇਗਾਓਂ ਧਮਾਕਾ ਕੇਸ ’ਚ ਭਾਜਪਾ ਸੰਸਦ ਮੈਂਬਰ ਪ੍ਰੱਗਿਆ ਸਿੰਘ ਠਾਕੁਰ ਨੂੰ ਲਗਾਤਾਰ ਪੇਸ਼ੀ ਤੋਂ ਛੋਟ ਦੇ ਦਿੱਤੀ ਹੈ। 2008 ਦੇ ਇਸ ਕੇਸ ਵਿਚ ਠਾਕੁਰ ਸੱਤ ਮੁਲਜ਼ਮਾਂ ’ਚੋਂ ਇਕ ਹੈ। ਕੇਸ ਦੀ ਜਾਂਚ ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਕੀਤੀ ਜਾ ਰਹੀ ਹੈ। ਪ੍ਰੱਗਿਆ ਅੱਜ ਅਦਾਲਤ ਵਿਚ ਪੇਸ਼ ਹੋਈ। ਸੰਸਦ ਮੈਂਬਰ ਦੇ ਵਕੀਲ ਜੇਪੀ ਮਿਸ਼ਰਾ ਨੇ ਅਦਾਲਤ ਵਿਚ ਅਰਜ਼ੀ ਦੇ ਕੇ ਕਿਹਾ ਕਿ ਪ੍ਰੱਗਿਆ ਠਾਕੁਰ ਨੂੰ ਸਿਹਤ ਤੇ ਸੁਰੱਖਿਆ ਕਾਰਨਾਂ ਕਰ ਕੇ ਨਿਯਮਤ ਪੇਸ਼ ਹੋਣ ਵਿਚ ਮੁਸ਼ਕਲ ਆਉਂਦੀ ਹੈ। ਏਮਸ ਵਿਚ ਭਾਜਪਾ ਆਗੂ ਦਾ ਕਈ ਬੀਮਾਰੀਆਂ ਲਈ ਇਲਾਜ ਚੱਲ ਰਿਹਾ ਹੈ। ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਭੁਪਾਲ ਦੀ ਭਾਜਪਾ ਸੰਸਦ ਮੈਂਬਰ ਦੀ ਜਾਨ ਨੂੰ ਵੀ ਖ਼ਤਰਾ ਹੈ। ਛੇ ਹਥਿਆਰਬੰਦ ਸੁਰੱਖਿਆ ਕਰਮੀ ਹਮੇਸ਼ਾ ਉਨ੍ਹਾਂ ਦੇ ਨਾਲ ਰਹਿੰਦੇ ਹਨ। ਸੰਸਦ ਮੈਂਬਰ ਹੋਣ ਕਰ ਕੇ ਲੋਕਾਂ ਪ੍ਰਤੀ ਜ਼ਿੰਮੇਵਾਰੀਆਂ ਵੀ ਹਨ। ਇਸ ਲਈ ਨਿਯਮਤ ਪੇਸ਼ੀ ਤੋਂ ਛੋਟ ਦਿੱਤੀ ਜਾਵੇ। ਅਦਾਲਤ ਨੇ ਨਿਯਮਤ ਪੇਸ਼ੀ ਤੋਂ ਛੋਟ ਦਿੰਦਿਆਂ ਕਿਹਾ ਕਿ ਜਦ ਲੋੜ ਪਵੇਗੀ ਤਾਂ ਠਾਕੁਰ ਨੂੰ ਪੇਸ਼ ਹੋਣਾ ਪਵੇਗਾ। –ਪੀਟੀਆਈ