ਕੋਲਕਾਤਾ, 14 ਜੁਲਾਈ
ਪੱਛਮੀ ਬੰਗਾਲ ਤੋਂ ਭਾਜਪਾ ਨੇਤਾ ਅਤੇ ਹੇਮਤਾਬਾਦ ਤੋਂ ਵਿਧਾਇਕ ਦੇਵੇਂਦਰ ਨਾਥ ਰੇਅ ਦੀ ਫਾਹਾ ਲੈਣ ਕਾਰਨ ਮੌਤ ਹੋਈ ਅਤੇ ਉਸ ਦੇ ਸਰੀਰ ‘ਤੇ ਕਿਸੇ ਹੋਰ ਸੱਟ ਦੇ ਨਿਸ਼ਾਨ ਨਹੀਂ ਮਿਲੇ। ਮੰਗਲਵਾਰ ਨੂੰ ਵਿਧਾਇਕ ਦੀ ਪੋਸਟ ਮਾਰਟਮ ਦੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਰੇਅ ਦੀ ਲਾਸ਼ ਸੋਮਵਾਰ ਨੂੰ ਉੱਤਰ ਦਿਨਾਜਪੁਰ ਜ਼ਿਲ੍ਹੇ ਦੇ ਬਿੰਦਲ ਪਿੰਡ ਵਿਚ ਉਸ ਦੇ ਘਰ ਨੇੜੇ ਬੰਦ ਦੁਕਾਨ ਦੇ ਬਾਹਰ ਵਰਾਂਡੇ ਦੀ ਛੱਤ ਨਾਲ ਲਟਕਦੀ ਮਿਲੀ। ਪੋਸਟ ਮਾਰਟਮ ਰਿਪੋਰਟ ਵਿਚ ਕਿਹਾ ਗਿਆ ਹੈ, “ਮੌਤ ਫਾਹਾ ਲੈਣ ਕਾਰਨ ਹੋਈ ਹੈ। ਸਰੀਰ ’ਤੇ ਕਿਸੇ ਸੱਟ ਦੇ ਨਿਸ਼ਾਨ ਨਹੀਂ ਹਨ।” ਪੱਛਮੀ ਬੰਗਾਲ ਪੁਲੀਸ ਨੇ ਕਿਹਾ ਕਿ ਉਸ ਦੀ ਕਮੀਜ਼ ਦੀ ਜੇਬ ਵਿਚੋਂ ਖ਼ੁਦਕੁਸ਼ੀ ਨੋਟ ਮਿਲਿਆ ਹੈ, ਜਿਸ ਵਿਚ ਉਸ ਨੇ ਦੋ ਲੋਕਾਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ। ਰੇਅ ਦੇ ਪਰਿਵਾਰ ਅਤੇ ਭਾਜਪਾ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਕਤਲ ਟੀਐੱਮਸੀ ਨੇ ਕੀਤਾ ਸੀ। ਰਾਜ ਦੀ ਸੱਤਾਧਾਰੀ ਪਾਰਟੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਰੇਅ ਦੇ ਪਰਿਵਾਰਕ ਮੈਂਬਰਾਂ ਅਤੇ ਪਾਰਟੀ ਨੇ ਮੌਤ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।