ਹੈਦਰਾਬਾਦ/ਦਿੱਲੀ: ਹੈਦਰਾਬਾਦ ਪੁਲੀਸ ਨੇ ਇਕ ਵੀਡੀਓ ਵਿੱਚ ਇਸਲਾਮ ਤੇ ਪੈਗੰਬਰ ਮੁਹੰਮਦ ਬਾਰੇ ਕਥਿਤ ਵਿਵਾਦਿਤ ਟਿੱਪਣੀਆਂ ਕਰਨ ਵਾਲੇ ਭਾਜਪਾ ਵਿਧਾਇਕ ਟੀ.ਰਾਜਾ ਸਿੰਘ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ਕੁਝ ਘੰਟਿਆਂ ਮਗਰੋਂ ਸਥਾਨਕ ਕੋਰਟ ਨੇ ਸਿੰਘ ਨੂੰ ਜ਼ਮਾਨਤ ਦੇ ਦਿੱਤੀ। ਕੋਰਟ ਨੇ ਵਿਧਾਇਕ ਦੇ ਵਕੀਲ ਦੀ ਇਸ ਦਲੀਲ ਨੂੰ ਸਵੀਕਾਰ ਕੀਤਾ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਸੀਆਰਪੀਸੀ ਦੀ ਧਾਰਾ 41 ਏ ਤਹਿਤ ਨੋਟਿਸ ਨਹੀਂ ਦਿੱਤਾ ਗਿਆ। ਸਿੰਘ ਖਿਲਾਫ਼ ਦਰਜ ਐੱਫਆਈਆਰ ਵਿੱਚ ਦੋ ਭਾਈਚਾਰਿਆਂ ਵਿੱਚ ਧਰਮ ਦੇ ਆਧਾਰ ’ਤੇ ਦੁਸ਼ਮਣੀ ਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਸਣੇ ਹੋਰ ਧਾਰਾਵਾਂ ਲਾਈਆਂ ਗਈਆਂ ਸਨ। ਯੂ-ਟਿਊਬ ’ਤੇ ਪਾਈ ਵੀਡੀਓ ਨੂੰ ਮਗਰੋਂ ਉਥੋਂ ਹਟਾ ਦਿੱਤਾ ਗਿਆ। ਉਂਜ ਸਿੰਘ ਨੇ ਦਾਅਵਾ ਕੀਤਾ ਕਿ ਉਹ ਰਿਹਾਈ ਮਗਰੋਂ ਵੀਡੀਓ ਦਾ ‘ਦੂਜਾ ਪਾਰਟ’ ਰਿਲੀਜ਼ ਕਰੇਗਾ। ਉਧਰ ਇਨ੍ਹਾਂ ਟਿੱਪਣੀਆਂ ਖਿਲਾਫ਼ ਹੈਦਰਾਬਾਦ ਵਿੱਚ ਹੋਏ ਪ੍ਰਦਰਸ਼ਨਾਂ ਤੇ ਪੁਲੀਸ ਕਾਰਵਾਈ ਮਗਰੋਂ ਭਾਜਪਾ ਨੇ ਰਾਜਾ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਪਾਰਟੀ ਨੇ ਵਿਧਾਇਕ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕਰਦਿਆਂ ਦਸ ਦਿਨਾਂ ਅੰਦਰ ਜਵਾਬ ਮੰਗ ਲਿਆ ਹੈ। ਭਾਜਪਾ ਵਿਧਾਇਕ ਨੇ ਸੋਮਵਾਰ ਨੂੰ ਸਟੈਂਡ-ਅੱਪ ਕਾਮੇਡੀਅਨ ਮੁਨੱਵਰ ਫ਼ਾਰੂਕੀ ਦੀ ਨੁਕਤਾਚੀਨੀ ਕਰਦਿਆਂ ਇਕ ਵੀਡੀਓ ਰਿਲੀਜ਼ ਕੀਤੀ ਸੀ। ਫਾਰੂਕੀ ਨੇ ਹਾਲ ਹੀ ਵਿੱਚ ਹੈਦਰਾਬਾਦ ਵਿੱਚ ਇਕ ਪ੍ਰੋਗਰਾਮ ਕੀਤਾ ਸੀ। ਵੀਡੀਓ ਵਿੱਚ ਰਾਜਾ ਸਿੰਘ, ਪੈਗੰਬਰ ਮੁਹੰਮਦ ਤੇ ਇਸਲਾਮ ਵੱਲ ਸੇਧਿਤ ਕੁਝ ਟਿੱਪਣੀਆਂ ਕਰਦਾ ਨਜ਼ਰ ਆ ਰਿਹਾ ਹੈ। ਸਿੰਘ ਦੇ ਹਮਾਇਤੀਆਂ ਨੇ ਹਾਲਾਂਕਿ ਦਾਅਵਾ ਕੀਤਾ ਕਿ ਵਿਧਾਇਕ ਨੇ ਕਿਸੇ ਧਰਮ ਜਾਂ ਧਾਰਮਿਕ ਸ਼ਖ਼ਸੀਅਤ ਦਾ ਨਾਂ ਨਹੀਂ ਲਿਆ। ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਭਾਈਚਾਰੇ ਦੇ ਲੋਕਾਂ ਨੇ ਸੋਮਵਾਰ ਰਾਤ ਨੂੰ ਸ਼ਹਿਰ ਵਿੱਚ ਵੱਖ ਵੱਖ ਥਾਈਂ ਪ੍ਰਦਰਸ਼ਨ ਵੀ ਕੀਤੇ। ਪੁਲੀਸ ਮੁਤਾਬਕ ਸਿੰਘ ਖਿਲਾਫ਼ ਦੱਖਣੀ, ਪੂਰਬੀ ਤੇ ਪੱਛਮੀ ਜ਼ੋਨਾਂ ਵਿੱਚ ਪੈਂਦੇ ਕਈ ਪੁਲੀਸ ਸਟੇਸ਼ਨਾਂ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਧਰ ਗੋਸ਼ਾਮਹਿਲ ਤੋਂ ਭਾਜਪਾ ਵਿਧਾਇਕ ਟੀ.ਰਾਜਾ ਸਿੰਘ ਨੇ ਗ੍ਰਿਫ਼ਤਾਰੀ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੀ ਵੀਡੀਓ ਸੋਸ਼ਲ ਮੀਡੀਆ ਪਲੈਟਫਾਰਮ ਤੋਂ ਹਟਾ ਦਿੱਤੀ ਗਈ ਹੈ ਤੇ ਉਹ ਆਪਣੀ ਰਿਹਾਈ ਮਗਰੋਂ ਇਸ ਵੀਡੀਓ ਕਲਿਪ ਦਾ ‘ਦੂਜਾ ਪਾਰਟ’ ਰਿਲੀਜ਼ ਕਰੇਗਾ। ਸਿੰਘ ਨੇ ਕਿਹਾ, ‘‘ਉਨ੍ਹਾਂ ਮੇਰੀ ਵੀਡੀਓ ਯੂ-ਟਿਊਬ ਤੋਂ ਹਟਾ ਦਿੱਤੀ ਹੈ। ਮੈਨੂੰ ਨਹੀਂ ਪਤਾ ਕਿ ਪੁਲੀਸ ਕੀ ਕਰੇਗੀ। ਇਕ ਵਾਰ ਰਿਹਾਅ ਹੋਣ ’ਤੇ ਮੈਂ ਵੀਡੀਓ ਦਾ ਦੂਜਾ ਪਾਰਟ ਯਕੀਨੀ ਤੌਰ ’ਤੇ ਰਿਲੀਜ਼ ਕਰਾਂਗਾ।’’ ਸਿੰਘ ਨੇ ਕਿਹਾ, ‘‘ਉਨ੍ਹਾਂ ਦੀਆਂ ਸ਼ਿਕਾਇਤਾਂ ਹੀ ਕਿਉਂ? ਸਾਡਾ ਰਾਮ, ਰਾਮ ਨਹੀਂ ਹੈ? ਸਾਡੀ ਸੀਤਾ, ਸੀਤਾ ਨਹੀਂ ਹੈ? ਮੈਂ ਹੱਥ ਜੋੜ ਕੇ ਡੀਜੀਪੀ ਨੂੰ ਅਪੀਲ ਕਰਦਾ ਹਾਂ ਕਿ ਉਹ ਮੁਨੱਵਰ ਫ਼ਾਰੂਕੀ ਨੂੰ ਰਾਮ ਤੇ ਸੀਤਾ ਖਿਲਾਫ਼ ਅਭੱਦਰ ਭਾਸ਼ਾ ਵਰਤਣ ਦੀ ਇਜਾਜ਼ਤ ਨਾ ਦੇਣ।’’ -ਪੀਟੀਆਈ
ਮੁਸਲਮਾਨਾਂ ਨੂੰ ਮਾਨਸਿਕ ਤੇ ਭਾਵਨਾਤਮਕ ਤਸੀਹੇ ਦੇਣੇ ਭਾਜਪਾ ਦੀ ਨੀਤੀ: ਓਵਾਇਸੀ
ਆਲ ਇੰਡੀਆ ਮਜਲਿਸ-ਏ-ਇਤਿਹਾਦੁਲ ਮੁਸਲਮੀਨ (ਏਆਈਐੱਮਆਈਐੱਮ) ਨੇ ਦਾਅਵਾ ਕੀਤਾ ਕਿ ਰਾਜਾ ਸਿੰਘ ਨੇ ਪੈਗੰਬਰ ਮੁਹੰਮਦ ਖਿਲਾਫ਼ ਅਪਮਾਨਜਨਕ ਭਾਸ਼ਾ ਵਰਤੀ ਹੈ। ਏਆਈਐੱਮਆਈਐੱਮ ਮੁਖੀ ਅਸਦੂਦੀਨ ਓਵਾਇਸੀ ਨੇ ਪੱਤਰਕਾਰਾਂ ਨੂੰ ਕਿਹਾ, ‘‘ਮੁੁਸਲਮਾਨਾਂ ਨੂੰ ਭਾਵਨਾਤਮਕ ਤੇ ਮਾਨਸਿਕ ਤਸੀਹੇ ਦੇਣੇ ਭਾਜਪਾ ਦੀ ਹਮੇਸ਼ਾ ਅਧਿਕਾਰਤ ਨੀਤੀ ਹੈ। ਇਸੇ ਨੀਤੀ ਤਹਿਤ ਹੀ ਉਹ ਆਪਣੇ ਪਾਰਟੀ ਮੈਂਬਰਾਂ ਨੂੰ ਪੈਗੰਬਰ ਮੁਹੰਮਦ ਖਿਲਾਫ਼ ਅਜਿਹੀ ਨੀਵੇਂ ਪੱਧਰ ਦੀ ਭਾਸ਼ਾ, ਜਿਸ ਨੂੰ ਅਸੀਂ ਸੜਕ ਛਾਪ ਭਾਸ਼ਾ ਕਹਿੰਦੇ ਹਾਂ, ਵਰਤਣ ਦੀ ਖੁੱਲ੍ਹ ਦਿੰਦੀ ਹੈ। ਭਾਜਪਾ ਦੀ ਇਹ ਮਿੱਥ ਕੇ ਕੀਤੀ ਗਈ ਕੋਸ਼ਿਸ਼ ਹੈ ਤੇ ਉਹ ਆਪਣੇ ਵਿਧਾਇਕ ਨੂੰ ਅਜਿਹੀ ਭਾਸ਼ਾ ਬੋਲਣ ਦੀ ਇਜਾਜ਼ਤ ਦਿੰਦੇ ਹਨ।’’ ਓਵਾਇਸੀ ਨੇ ਕਿਹਾ, ‘‘ਨੂਪੁਰ ਸ਼ਰਮਾ ਨੇ ਜੋ ਕੁਝ ਕਿਹਾ, ਭਾਜਪਾ ਨੇ ਉਸ ਤੋਂ ਸਬਕ ਨਹੀਂ ਸਿੱਖਿਆ। ਨੂਪੁਰ ਸ਼ਰਮਾ ਨੇ ਜੋ ਕੁਝ ਬੋਲਿਆ, ਇਹ ਉਸੇ ਦੀ ਕੜੀ ਹੈ।’’