ਪੁਣੇ, 6 ਸਤੰਬਰ
ਮੁੰਬਈ-ਪੁਣੇ ਐਕਸਪ੍ਰੈੱਸਵੇਅ ’ਤੇ ਅੱਜ ਇੱਕ ਟਰੱਕ ਨੇ ਮਹਾਰਾਸ਼ਟਰ ਦੇ ਭਾਜਪਾ ਵਿਧਾਇਕ ਨਿਤੇਸ਼ ਰਾਣੇ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਕਾਰ ਵਿੱਚ ਰਾਣੇ ਤੋਂ ਇਲਾਵਾ ਉਸ ਦੇ ਪਰਿਵਾਰਕ ਮੈਂਬਰ ਵੀ ਸਵਾਰ ਸਨ, ਜੋ ਵਾਲ ਵਾਲ ਬਚ ਗਏ। ਪੁਲੀਸ ਨੇ ਅੱਜ ਦੱਸਿਆ ਕਿ ਇਹ ਹਾਦਸਾ ਸੋਮਵਾਰ ਸ਼ਾਮ ਨੂੰ ਐਕਸਪ੍ਰੈੱਸਵੇਅ ’ਤੇ ਉਰਸੇ ਟੌਲ ਪਲਾਜ਼ਾ ਉਤੇ ਵਾਪਰਿਆ। ਰਾਣੇ ਸਿੰਧੂਦੁਰਗ ਜ਼ਿਲ੍ਹੇ ਦੇ ਕਨਕਾਵਲੀ ਹਲਕੇ ਤੋਂ ਵਿਧਾਇਕ ਹਨ। ਉਹ ਆਪਣੇ ਪਰਿਵਾਰ ਨਾਲ ਪ੍ਰਸਿੱਧ ਲਾਲਬਾਗਚਾ ਰਾਜਾ ਗਣੇਸ਼ ਪੰਡਾਲ ਵਿੱਚ ਮੱਥਾ ਟੇਕਣ ਲਈ ਮੁੰਬਈ ਜਾ ਰਹੇ ਸਨ। ਸ਼ਿਰਗਾਓਂ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਕਾਰ ਸ਼ਾਮ ਸਾਢੇ ਛੇ ਵਜੇ ਟੌਲਾ ਪਲਾਜ਼ਾ ਦੀ ਲੇਨ ਨੰਬਰ 3 ’ਤੇ ਖੜ੍ਹੀ ਸੀ ਤਾਂ ਪਿਛਿਓਂ ਇੱਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਦਾ ਪਿੱਛਲਾ ਹਿੱਸਾ ਨੁਕਸਾਨਿਆ ਗਿਆ। -ਪੀਟੀਆਈ