ਲਖਨਊ, 28 ਅਕਤੂਬਰ
ਮੁਹੰਮਦਾਬਾਦ ਸੀਟ ਤੋਂ ਭਾਜਪਾ ਵਿਧਾਇਕ ਅਲਕਾ ਰਾਏ ਨੇ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੂੰ ਲਿਖੇ ਪੱਤਰ ਵਿੱਚ ਦੋਸ਼ ਲਾਇਆ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਨੂੰ ਉੱਤਰ ਪ੍ਰਦੇਸ਼ ਦੀਆਂ ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਵਿੱਚ ਪੇਸ਼ ਹੋਣ ਤੋਂ ਬਚਾਅ ਰਹੀ ਹੈ। ਅਲਕਾ ਰਾਏ ਵਿਧਾਇਕ ਕ੍ਰਿਸ਼ਨਾਨੰਦ ਰਾਏ, ਜਿਸ ਦੀ 2005 ਵਿੱਚ ਛੋ ਹੋਰਨਾਂ ਨਾਲ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਦੀ ਪਤਨੀ ਹੈ। ਅੰਸਾਰੀ ਤੇ ਸੱਤ ਹੋਰਨਾਂ ਨੂੰ ਇਸ ਕੇਸ ਵਿੱਚ ਸਬੂਤਾਂ ਦੀ ਘਾਟ ਦੇ ਹਵਾਲੇ ਨਾਲ ਰਿਹਾਅ ਕਰ ਦਿੱਤਾ ਗਿਆ ਸੀ। ਮਾਓ ਤੋਂ ਬਹੁਜਨ ਸਮਾਜ ਪਾਰਟੀ ਦਾ ਮੌਜੂਦਾ ਵਿਧਾਇਕ ਅੰਸਾਰੀ ਮੌਜੂਦਾ ਸਮੇਂ ਫਿਰੌਤੀ ਨਾਲ ਸਬੰਧਤ ਕੇਸ ਵਿੱਚ ਪੰਜਾਬ ਦੀ ਇਕ ਜੇਲ੍ਹ ਵਿੱਚ ਬੰਦ ਹੈ। ਰਾਏ ਨੇ ਕਿਹਾ, ‘ਮੈਂ ਪਿਛਲੇ 14 ਸਾਲਾਂ ਤੋਂ ਆਪਣੇ ਪਤੀ ਨੂੰ ਇਨਸਾਫ਼ ਦਿਵਾਉਨ ਲਈ ਲੜ ਰਹੀ ਹਾਂ। ਜਦੋਂਕਿ ਕਾਂਗਰਸ ਵੱਲੋਂ ਅੰਸਾਰੀ ਨੂੰ ਖੁੱਲ੍ਹੇਆਮ ਸਰਪ੍ਰਸਤੀ ਦਿੱਤੀ ਜਾ ਰਹੀ ਹੈ।’ ਰਾਏ ਨੇ ਪੱਤਰ ਵਿੱਚ ਕਿਹਾ, ‘ਉੱਤਰ ਪ੍ਰਦੇਸ਼ ਦੀਆਂ ਅਦਾਲਤਾਂ ਨੇ ਮੁਖ਼ਤਾਰ ਅੰਸਾਰੀ ਨੂੰ ਸੰਮਨ ਕੀਤਾ ਹੈ, ਪਰ ਪੰਜਾਬ ਸਰਕਾਰ ਉਸ ਨੂੰ ਯੂਪੀ ਭੇਜਣ ਲਈ ਤਿਆਰ ਨਹੀਂ ਹੈ।’ ਰਾਏ ਨੇ ਕਿਹਾ, ‘ਇਹ ਸਭ ਤੋਂ ਸ਼ਰਮਨਾਕ ਹੈ ਅਤੇ ਕੋਈ ਵੀ ਯਕੀਨ ਨਹੀਂ ਕਰੇਗਾ ਕਿ ਇਹ ਸਭ ਤੁਹਾਡੇ ਜਾਂ ਰਾਹੁਲ ਜੀ ਦੀ ਜਾਣਕਾਰੀ ਤੋਂ ਬਿਨਾ ਹੋ ਰਿਹਾ ਹੈ।’ -ਪੀਟੀਆਈ