ਦਾਰਜੀਲਿੰਗ, 11 ਅਪਰੈਲ
ਗੋਰਖਾ ਜਨਮੁਕਤੀ ਮੋਰਚਾ (ਜੀਜੇਐੱਮ) ਦੇ ਇਕ ਧੜੇ ਦੇ ਮੁਖੀ ਬਿਮਲ ਗੁਰੰਗ ਨੇ ਕਿਹਾ ਹੈ ਕਿ ਕੂਚ ਬਿਹਾਰ ’ਚ ਸੀਆਈਐੱਸਐੱਫ ਵੱਲੋਂ ਕੀਤੀ ਗਈ ਗੋਲੀਬਾਰੀ ’ਚ ਚਾਰ ਵਿਅਕਤੀਆਂ ਦੀ ਮੌਤ ਦੀ ਘਟਨਾ ਬੰਗਾਲ ਚੋਣਾਂ ’ਚ ‘ਅਹਿਮ ਮੋੜ’ ਸਾਬਿਤ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਦੇ ਉੱਤਰੀ ਹਿੱਸੇ ’ਚ ਬਾਕੀ ਦੇ ਚਾਰ ਗੇੜਾਂ ਦੀਆਂ ਵੋਟਾਂ ’ਚ ਭਾਜਪਾ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ। ਗੁਰੰਗ ਨੇ ਖ਼ਬਰ ਏਜੰਸੀ ਨੂੰ ਦਿੱਤੇ ਇੰਟਰਵਿਊ ’ਚ ਦੁਹਰਾਇਆ ਕਿ ਪੂਰਨ ਸੂਬੇ ਦੀ ਮੰਗ ਪਹਾੜਾਂ ’ਤੇ ਰਹਿਣ ਵਾਲੇ ਹਰ ਗੋਰਖੇ ਦਾ ਸੁਫ਼ਨਾ ਹੈ ਅਤੇ ਤ੍ਰਿਣਮੂਲ ਕਾਂਗਰਸ ਦੇ ਪੱਕੇ ਸਿਆਸੀ ਹੱਲ ਲਈ ਪੈਰਵੀ ਕਰਨਾ ਤੇ ਦਾਰਜੀਲਿੰਗ ਤੇ ਨੇੜਲੇ ਇਲਾਕਿਆਂ ਦੇ ਚੌਤਰਫ਼ਾ ਵਿਕਾਸ ਕਰਨ ਦੀ ਗੱਲ ਆਖਣਾ ਬਹੁਤ ਉਤਸ਼ਾਹਜਨਕ ਹੈ। ਫਰਜ਼ੀ ਵਾਅਦਿਆਂ ਨਾਲ 12 ਸਾਲ ਤੱਕ ਗੋਰਖਾ ਜਾਤੀ ਨੂੰ ਧੋਖਾ ਦੇਣ ਦਾ ਭਾਜਪਾ ’ਤੇ ਦੋਸ਼ ਲਾਉਂਦਿਆਂ ਗੁਰੰਗ ਨੇ ਕਿਹਾ ਕਿ ਉਹ ਮਮਤਾ ਬੈਨਰਜੀ ਨਾਲ ਮਿਲ ਕੇ ਭਗਵਾਂ ਕੈਂਪ ਨੂੰ ਸਬਕ ਸਿਖਾਉਣਗੇ ਜੋ ਉਨ੍ਹਾਂ ਨੂੰ ਜ਼ਿੰਦਗੀ ਭਰ ਚੇਤੇ ਰਹੇਗਾ। ਗੁਰੰਗ ਪਿਛਲੇ ਵਰ੍ਹੇ ਅਕਤੂਬਰ ’ਚ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਨੂੰ ਛੱਡ ਕੇ ਟੀਐੱਮਸੀ ਨਾਲ ਰਲ ਗਏ ਸਨ। ਉਨ੍ਹਾਂ ਕਿਹਾ,‘‘ਬੇਗੁਨਾਹ ਲੋਕਾਂ ਨੂੰ ਭਾਵੇਂ ਪੁਲੀਸ ਮਾਰੇ ਜਾਂ ਕੇਂਦਰੀ ਬਲ, ਇਹ ਮਨਜ਼ੂਰ ਨਹੀਂ ਹੈ। ਕੂਚ ਬਿਹਾਰ ’ਚ ਵੋਟਿੰਗ ਦੇ ਦਿਨ ਜੋ ਕੁਝ ਵਾਪਰਿਆ, ਉਹ ਕਤਲੇਆਮ ਤੋਂ ਘੱਟ ਨਹੀਂ ਹੈ। ਭਾਜਪਾ ਦਾ ਉੱਤਰੀ ਬੰਗਾਲ ਤੋਂ ਸਫਾਇਆ ਹੋ ਜਾਵੇਗਾ।’’ ਉਨ੍ਹਾਂ ਕਿਹਾ ਕਿ 2017 ਦੇ ਗੋਰਖਾਲੈਂਡ ਅੰਦੋਲਨ ਦੌਰਾਨ ਵੀ ਕਈ ਵਿਅਕਤੀਆਂ ਦੀ ਹੱਤਿਆ ਕੀਤੀ ਗਈ ਸੀ ਅਤੇ 2019 ਦੀਆਂ ਆਮ ਚੋਣਾਂ ਵੇਲੇ ਤ੍ਰਿਣਮੂਲ ਕਾਂਗਰਸ ਨੂੰ ਰੋਹ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਹ ਉੱਤਰੀ ਬੰਗਾਲ ਦੀਆਂ ਸਾਰੀਆਂ 8 ਸੀਟਾਂ ਹਾਰ ਗਈ ਸੀ। ਉਨ੍ਹਾਂ ਕਿਹਾ ਕਿ ਐਤਕੀਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਲੋਕਾਂ ਦੀ ਨਾਰਾਜ਼ਗੀ ਝੱਲਣੀ ਪਵੇਗੀ। -ਪੀਟੀਆਈ