ਇੰਫਾਲ, 15 ਅਪਰੈਲ
ਮਨੀਪੁਰ ਦੇ ਹਾਈ ਕੋਰਟ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਾਉਣ ਸਮੇਂ ਅਧੂਰਾ ਹਲਫ਼ਨਾਮਾ ਜਮ੍ਹਾਂ ਕਰਾਉਣ ’ਤੇ ਭਾਜਪਾ ਆਗੂ ਓਕਰਾਮ ਹੈਨਰੀ ਸਿੰਘ ਦੀ ਵਿਧਾਇਕੀ ਨੂੰ ਰੱਦ ਕਰ ਦਿੱਤਾ ਹੈ। ਜਸਟਿਸ ਐੱਮ ਵੀ ਮੁਰਲੀਧਰਨ ਨੇ ਹੈਨਰੀ ਤੋਂ ਹਾਰੇ ਉਮੀਦਵਾਰ ਯਮਖਾਮ ਇਰਾਬੋਟ ਸਿੰਘ ਨੂੰ ਵੈਂਗਖੇਈ ਸੀਟ ਤੋਂ ਜੇਤੂ ਐਲਾਨ ਦਿੱਤਾ ਹੈ। ਹੈਨਰੀ ਨੇ ਕਾਂਗਰਸ ਦੀ ਟਿਕਟ ’ਤੇ ਚੋਣ ਲੜੀ ਸੀ ਅਤੇ ਭਾਜਪਾ ਉਮੀਦਵਾਰ ਇਰਾਬੋਟ ਨੂੰ 4,336 ਵੋਟਾਂ ਨਾਲ ਹਰਾਇਆ ਸੀ।
ਪਿਛਲੇ ਸਾਲ ਉਹ ਭਾਜਪਾ ’ਚ ਸ਼ਾਮਲ ਹੋ ਗਿਆ ਸੀ। ਉਂਜ ਹੈਨਰੀ ਇਸ ਸਮੇਂ ਵਿਧਾਇਕ ਨਹੀਂ ਹੈ ਕਿਉਂਕਿ ਉਸ ਨੇ ਭਾਜਪਾ ’ਚ ਸ਼ਾਮਲ ਹੋਣ ਸਮੇਂ ਪਿਛਲੇ ਸਾਲ ਅਗਸਤ ’ਚ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਅਗਲੇ ਮਹੀਨੇ ਉਹ ਮੰਤਰੀ ਬਣ ਗਿਆ ਸੀ। ਆਪਣੇ ਫ਼ੈਸਲੇ ’ਚ ਹਾਈ ਕੋਰਟ ਨੇ ਕਿਹਾ ਕਿ ਹੈਨਰੀ ਨੂੰ ਹਲਫ਼ਨਾਮੇ ’ਚ ਆਪਣੀ ਜੀਵਨ ਸਾਥਣ, ਉਸ ’ਤੇ ਨਿਰਭਰ ਵਿਅਕਤੀਆਂ, ਬਕਾਇਆ ਅਪਰਾਧਿਕ ਕੇਸਾਂ ਅਤੇ ਵਿਦਿਅਕ ਯੋਗਤਾ ਦੀ ਜਾਣਕਾਰੀ ਦੇਣੀ ਚਾਹੀਦੀ ਸੀ ਪਰ ਉਹ ਇਹ ਜਾਣਕਾਰੀ ਮੁਹੱਈਆ ਕਰਾਉਣ ’ਚ ਨਾਕਾਮ ਰਿਹਾ।
ਅਦਾਲਤ ਨੇ ਕਿਹਾ ਕਿ ਇਹ ਲੋਕ ਪ੍ਰਤੀਨਿਧਤਾ ਐਕਟ, 1951 ਦੀ ਉਲੰਘਣਾ ਹੈ। ਹੈਨਰੀ ਦੇ ਵਿਧਾਇਕ ਨਾ ਹੋਣ ਕਰਕੇ ਉਹ ਛੇ ਮਹੀਨਿਆਂ ਤੋਂ ਬਾਅਦ ਮੰਤਰੀ ਨਹੀਂ ਰਹਿ ਸਕਦਾ ਸੀ। ਇਸ ਸਾਲ 24 ਮਾਰਚ ਨੂੰ ਉਸ ਦੀ ਮੰਤਰੀ ਵਜੋਂ ਨਿਯੁਕਤੀ ਦੀ ਮਿਆਦ ਖ਼ਤਮ ਹੋ ਗਈ। ਹੈਨਰੀ ਨੇ ਵੈਂਗਖੇਈ ’ਚ ਜ਼ਿਮਨੀ ਚੋਣ ਕਰਾਉਣ ਲਈ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ ਪਰ ਸਿਖਰਲੀ ਅਦਾਲਤ ਨੇ 7 ਅਪਰੈਲ ਨੂੰ ਕਿਹਾ ਕਿ ਉਹ ਸੂਬੇ ਦੀ ਹਾਈ ਕੋਰਟ ’ਚ ਅਰਜ਼ੀ ਦਾਖ਼ਲ ਕਰੇ। -ਪੀਟੀਆਈ