ਭੁਪਾਲ, 1 ਨਵੰਬਰ
ਭਾਜਪਾ ਦੇ ਰਾਜ ਸਭਾ ਮੈਂਬਰ ਜਯੋਤਿਰਦਿੱਤਿਆ ਸਿੰਧੀਆ ਦੀ ਅੱਜ ਚੋਣ ਪ੍ਰਚਾਰ ਦੌਰਾਨ ਜੀਭ ਫ਼ਿਸਲ ਗਈ ਤੇ ਉਨ੍ਹਾਂ ਲੋਕਾਂ ਨੂੰ ਕਾਂਗਰਸ ਲਈ ਵੋਟ ਪਾਉਣ ਲਈ ਕਹਿ ਦਿੱਤਾ। ਜ਼ਿਕਰਯੋਗ ਹੈ ਕਿ ਸਿੰਧੀਆ ਪਹਿਲਾਂ ਕਾਂਗਰਸ ਵਿਚ ਹੀ ਸਨ। ਮੱਧ ਪ੍ਰਦੇਸ਼ ਵਿਚ ਤਿੰਨ ਨਵੰਬਰ ਨੂੰ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਸਿੰਧੀਆ ਗਵਾਲੀਅਰ ਦੇ ਡਾਬਰਾ ਕਸਬੇ ਤੋਂ ਇਮਰਤੀ ਦੇਵੀ ਲਈ ਵੋਟਾਂ ਮੰਗ ਰਹੇ ਸਨ ਤੇ ਰੈਲੀ ਦੌਰਾਨ ਉਨ੍ਹਾਂ ਕਿਹਾ ‘ਡਾਬਰਾ ਦੇ ਮੇਰੇ ਲੋਕੋ ਆਪਣੇ ਹੱਥ ਖੜ੍ਹੇ ਕਰ ਕੇ ਮੈਨੂੰ ਤੇ ਸ਼ਿਵਰਾਜ ਸਿੰਘ ਨੂੰ ਯਕੀਨ ਦਿਵਾਓ ਕਿ ਤੁਸੀਂ ਤਿੰਨ ਨਵੰਬਰ ਨੂੰ ਹੱਥ ਦਾ ਬਟਨ ਦਬਾਓਗੇ।’ ਹਾਲਾਂਕਿ ਭਾਜਪਾ ਆਗੂ ਨੇ ਉਸੇ ਵੇਲੇ ਆਪਣੇ ਸ਼ਬਦਾਂ ਵਿਚ ਸੁਧਾਰ ਕੀਤਾ ਤੇ ਕਿਹਾ ਕਿ ਲੋਕ ‘ਕਮਲ’ ਦਾ ਬਟਨ ਦਬਾਉਣ। ਸਿੰਧੀਆ ਦੀ ਵੀਡੀਓ ਟਵੀਟ ਕਰਦਿਆਂ ਕਾਂਗਰਸ ਨੇ ਕਿਹਾ ‘ਸਿੰਧੀਆ ਜੀ, ਮੱਧ ਪ੍ਰਦੇਸ਼ ਦੇ ਲੋਕ ਤੁਹਾਨੂੰ ਭਰੋਸਾ ਦਿਵਾਉਂਦੇ ਹਨ ਕਿ ਉਹ ਹੱਥ ਦੇ ਪੰਜੇ ਦਾ ਹੀ ਬਟਨ ਦਬਾਉਣਗੇ।’ ਭਾਜਪਾ ਦੇ ਬੁਲਾਰੇ ਪੰਕਜ ਚਤੁਰਵੇਦੀ ਨੇ ਕਿਹਾ ਕਿ ਅਜਿਹੀ ਗਲਤੀ ਕਿਸੇ ਕੋਲੋਂ ਵੀ ਹੋ ਸਕਦੀ ਹੈ। ਸਭ ਨੂੰ ਪਤਾ ਹੈ ਕਿ ਸਿੰਧੀਆ ਭਾਜਪਾ ਆਗੂ ਹਨ। ਜ਼ਿਕਰਯੋਗ ਹੈ ਕਿ ਸਿੰਧੀਆ ਨੇ 2002 ਵਿਚ ਕਾਂਗਰਸ ’ਚ ਸ਼ਮੂਲੀਅਤ ਕੀਤੀ ਸੀ ਤੇ 18 ਸਾਲ ਬਾਅਦ ਇਸੇ ਸਾਲ ਮਾਰਚ ਵਿਚ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਉਨ੍ਹਾਂ ਦੇ ਸਮਰਥਕ ਕਰੀਬ 22 ਕਾਂਗਰਸੀ ਵਿਧਾਇਕਾਂ ਨੇ ਅਸਤੀਫ਼ਾ ਦੇ ਦਿੱਤਾ ਸੀ ਤੇ ਕਾਂਗਰਸ ਦੀ ਕਮਲ ਨਾਥ ਸਰਕਾਰ ਡਿਗ ਗਈ ਸੀ। -ਪੀਟੀਆਈ