ਆਦਿੱਤਿਆਪੁਰ, 14 ਜੂਨ
ਪਾਰਟੀ ਵੱਲੋਂ ਮੁਅੱਤਲ ਕੀਤੀ ਗਈ ਭਾਜਪਾ ਆਗੂ ਨੂਪੁਰ ਸ਼ਰਮਾ ਦੇ ਹੱਕ ਵਿੱਚ ਫੇਸਬੁੱਕ ’ਤੇ ‘ਇਤਰਾਜ਼ਯੋਗ’ ਪੋਸਟ ਸਾਂਝੀ ਕਰਨ ਦੇ ਦੋਸ਼ ਹੇਠ ਪੁਲੀਸ ਨੇ ਝਾਰਖੰਡ ਦੇ ਸਰਾਏਕੇਲਾ-ਖਰਸਵਾਨ ਜ਼ਿਲ੍ਹੇ ਦੀ ਸਥਾਨਕ ਭਾਜਪਾ ਆਗੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਭਾਜਪਾ ਦੀ ਜ਼ਿਲ੍ਹਾ ਕਮੇਟੀ ਦੀ ਮੈਂਬਰ ਅਨੀਸ਼ਾ ਸਿਨਹਾ ਨੂੰ ਬੀਤੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਵਿਰੁੱਧ ਆਈਪੀਸੀ ਦੀਆਂ ਧਾਰਾਵਾਂ 295ਏ ਅਤੇ 152ਏ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸ ਦਾ ਮੋਬਾਈਲ ਫੋਨ ਵੀ ਜ਼ਬਤ ਕਰ ਲਿਆ ਗਿਆ ਹੈ। ਪੁਲੀਸ ਨੇ ਕਿਹਾ ਕਿ ਰਾਂਚੀ ਵਿੱਚ ਹਿੰਸਾ ਭੜਕਣ ਤੋਂ ਬਾਅਦ ਪੂਰਾ ਜ਼ਿਲ੍ਹਾ ਹਾਈ ਅਲਰਟ ’ਤੇ ਹੈ। ਸੋਸ਼ਲ ਮੀਡੀਆ ’ਤੇ ਵੀ ਨਿਗਰਾਨੀ ਰੱਖੀ ਜਾ ਰਹੀ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਿਜੈ ਮਹਾਤੋ ਨੇ ਦੋਸ਼ ਲਾਇਆ ਕਿ ਪੁਲੀਸ ਵੱਲੋਂ ਸਰਕਾਰ ਦੇ ਇਸ਼ਾਰੇ ’ਤੇ ਭਾਜਾਪਾ ਵਰਕਰਾਂ ਤੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। -ਪੀਟੀਆਈ