ਕਾਹਲਗਾਓਂ(ਬਿਹਾਰ), 21 ਅਕਤੂਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬਿਹਾਰ ਵਿੱਚ ਭਾਜਪਾ-ਜੇਡੀਯੂ ਗੱਠਜੋੜ ਨੂੰ ਕ੍ਰਿਕਟ ਵਿੱਚ ਸਚਿਨ ਤੇਂਦੁਲਕਰ ਤੇ ਵੀਰੇਂਦਰ ਸਹਿਵਾਗ ਦੀ ਸਲਾਮੀ ਜੋੜੀ ਵਾਂਗ ‘ਸੁਪਰਹਿੱਟ’ ਦਸਦਿਆਂ ਕਿਹਾ ਕਿ ਗੱਠਜੋੜ ਸਰਕਾਰ ਵੱਲੋਂ ਸੂਬੇ ਵਿੱਚ ਕੀਤੇ ਵਿਕਾਸ ਬਾਰੇ ਤਾਂ ਵਾਦ-ਵਿਵਾਦ ਕੀਤਾ ਜਾ ਸਕਦਾ ਹੈ, ਪਰ ਕੋਈ ਵੀ ਮੁੱਖ ਮੰਤਰੀ ਨਿਤੀਸ਼ ਕੁਮਾਰ ’ਤੇ ਭ੍ਰਿਸ਼ਟਾਚਾਰ ਲਈ ਉਂਗਲ ਨਹੀਂ ਚੁੱਕ ਸਕਦਾ। ਸਿੰਘ ਇਥੇ ਭਾਗਲਪੁਰ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਬਿਹਾਰ ਅਸੈਂਬਲੀ ਲਈ ਪਹਿਲੇ ਗੇੜ ਦੀਆਂ ਚੋਣਾਂ 28 ਅਕਤੂਬਰ ਨੂੰ ਹੋਣੀਆਂ ਹਨ।
ਇਕੱਠ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਵਿਰੋਧੀ ਪਾਰਟੀ ਰਾਸ਼ਟਰੀ ਜਨਤਾ ਦਲ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਲੋਕਾਂ ਨੇ ਲਾਲੂ ਸਰਕਾਰ ਦਾ 15 ਸਾਲਾਂ ਦਾ ਕਾਰਜਕਾਲ ਵੇਖਿਆ ਹੈ। ਉਨ੍ਹਾਂ ਕਿਹਾ ਕਿ ਬਿਹਾਰ ਦੇ ਲੋਕ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਸਰਕਾਰ ਦੇ ‘ਸੁਸ਼ਾਸਨ’ ਅਤੇ ਲਾਲੂ ਸਰਕਾਰ ਦੇ ‘ਕੁਸ਼ਾਸਨ’ ਵਿਚਲੇ ਫ਼ਰਕ ਨੂੰ ਵੇਖ ਸਕਦੇ ਹਨ। ਉਨ੍ਹਾਂ ਕਿਹਾ, ‘ਭਾਜਪਾ ਤੇ ਜੇਡੀਯੂ ਦਾ ਗੱਠਜੋੜ ਭਾਰਤੀ ਕ੍ਰਿਕਟ ਟੀਮ ਦੀ ਸਲਾਮੀ ਜੋੜੀ ਸਚਿਨ ਤੇ ਸਹਿਵਾਂਗ ਵਾਂਗ ਸੁਪਰਹਿੱਟ ਹੈ।’ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਉਨ੍ਹਾਂ ਦੇ ਡਿਪਟੀ ਅਤੇ ਭਾਜਪਾ ਆਗੂ ਸੁਸ਼ੀਲ ਮੋਦੀ ਦੀ ਤਾਰੀਫ਼ ਕਰਦਿਆਂ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਦਾਮਨ ’ਤੇ ਭ੍ਰਿਸ਼ਟਾਚਾਰ ਦਾ ਇਕ ਵੀ ਦਾਗ਼ ਨਹੀਂ ਹੈ। ਆਰਜੇਡੀ ’ਤੇ ਵਿਅੰਗ ਕਸਦਿਆਂ ਸਿੰਘ ਨੇ ਮੁਕਾਮੀ ਭੋਜਪੁਰੀ ਭਾਸ਼ਾ ਵਿੱਚ ਕਿਹਾ ਕਿ ‘ਲਾਲਟੈਨ’ ਤਿੜਕ ਗਈ ਹੈ ਤੇ ਉਸ ਦਾ ਸਾਰਾ ਤੇਲ ਰਿਸ ਗਿਆ ਹੈ ਤੇ ਹੁਣ ਇਹ ਕਿਸੇ ਵੀ ਕੰਮ ਦੀ ਨਹੀਂ ਰਹੀ। -ਪੀਟੀਆਈ