ਸ੍ਰੀਨਗਰ/ਨਵੀਂ ਦਿੱਲੀ, 16 ਮਾਰਚ
ਪੀਡੀਪੀ ਪ੍ਰਧਾਨ ਮਹਬਿੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਜਿਸ ਤਰ੍ਹਾਂ ਹਮਲਾਵਰ ਢੰਗ ਨਾਲ ਫ਼ਿਲਮ ‘ਦਿ ਕਸ਼ਮੀਰ ਫਾਈਲਜ਼’ ਦਾ ਪ੍ਰਚਾਰ ਕਰ ਰਹੀ ਹੈ ਤੇ ਕਸ਼ਮੀਰੀ ਪੰਡਿਤਾਂ ਦੇ ਦਰਦ ਨੂੰ ‘ਹਥਿਆਰ ਬਣਾ ਕੇ ਵਰਤ ਰਹੀ ਹੈ, ਉਸ ਤੋਂ ਹੀ ਇਸ ਦੇ ‘ਮਾੜੇ ਇਰਾਦੇ’ ਜ਼ਾਹਿਰ ਹੋ ਜਾਂਦੇ ਹਨ। ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਮੁਖੀ ਨੇ ਕਿਹਾ ਕਿ ਪੁਰਾਣੇ ਜ਼ਖ਼ਮਾਂ ਨੂੰ ਭਰਨ ਦੀ ਬਜਾਏ ਤੇ ਦੋ ਫ਼ਿਰਕਿਆਂ ਵਿਚਾਲੇ ਉਸਾਰੂ ਮਾਹੌਲ ਬਣਾਉਣ ਦੀ ਥਾਂ, ਕੇਂਦਰ ਸਰਕਾਰ ‘ਜਾਣਬੁੱਝ ਕੇ ਇਨ੍ਹਾਂ ਨੂੰ ਛਿੱਲ ਰਹੀ ਹੈ।’ ਜ਼ਿਕਰਯੋਗ ਹੈ ਕਿ ਵਿਵੇਕ ਅਗਨੀਹੋਤਰੀ ਵੱਲੋਂ ਲਿਖੀ ਤੇ ਨਿਰਦੇਸ਼ਤ ਇਸ ਫ਼ਿਲਮ ਦਾ ਨਿਰਮਾਣ ਜ਼ੀ ਸਟੂਡੀਓਜ਼ ਨੇ ਕੀਤਾ ਹੈ। ਇਹ 1990 ਵਿਚ ਕਸ਼ਮੀਰ ਵਾਦੀ ਵਿਚੋਂ ਕਸ਼ਮੀਰੀ ਪੰਡਿਤਾਂ ਨੂੰ ਨਿਕਲਣ ਲਈ ਮਜਬੂਰ ਕੀਤੇ ਜਾਣ ’ਤੇ ਆਧਾਰਿਤ ਹੈ। ਇਸ ਵਿਚ ਅਨੁਪਮ ਖੇਰ, ਦਰਸ਼ਨ ਕੁਮਾਰ, ਮਿਥੁਨ ਚਕਰਵਰਤੀ ਤੇ ਪੱਲਵੀ ਜੋਸ਼ੀ ਮੁੱਖ ਭੂਮਿਕਾਵਾਂ ਵਿਚ ਹਨ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ‘ਦਿ ਕਸ਼ਮੀਰ ਫਾਈਲਜ਼’ ਸੱਚ ਨੂੰ ਨਿਡਰਤਾ ਨਾਲ ਬਿਆਨ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ਨੇ ਕਸ਼ਮੀਰੀ ਪੰਡਿਤਾਂ ਦੇ ਸੰਘਰਸ਼, ਦਰਦ ਤੇ ਬਲਿਦਾਨ ਨੂੰ ਸੰਸਾਰ ਸਾਹਮਣੇ ਲਿਆਂਦਾ ਹੈ। ਫ਼ਿਲਮ ਦੇ ਨਿਰਮਾਤਾਵਾਂ ਤੇ ਅਦਾਕਾਰਾਂ ਨੇ ਅੱਜ ਸ਼ਾਹ ਨਾਲ ਦਿੱਲੀ ਵਿਚ ਮੁਲਾਕਾਤ ਵੀ ਕੀਤੀ। ਗ੍ਰਹਿ ਮੰਤਰੀ ਨੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ। -ਪੀਟੀਆਈ