ਸ੍ਰੀਨਗਰ, 4 ਜੁਲਾਈ
ਪੀਡੀਪੀ ਪ੍ਰਧਾਨ ਮਹਬਿੂਬਾ ਮੁਫਤੀ ਨੇ ਦੋਸ਼ ਲਾਇਆ ਹੈ ਕਿ ਭਾਜਪਾ ਆਪਣੇ ‘ਫ਼ਿਰਕੂ ਵੰਡ ਤੇ ਨਫ਼ਰਤ’ ਦੇ ਏਜੰਡੇ ਦੇ ਪ੍ਰਚਾਰ ਲਈ ਅਪਰਾਧਿਕ ਤੱਤਾਂ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਇੱਕ ਟਵੀਟ ਕਰਦਿਆਂ ਦੋਸ਼ ਲਾਇਆ,‘ਪਹਿਲਾਂ ਉਦੈਪੁਰ ਵਾਲੀ ਘਟਨਾ ਤੇ ਹੁਣ ਰਾਜੌਰੀ ਵਿੱਚ ਫੜੇ ਗਏ ਲਸ਼ਕਰ-ਏ-ਤਇਬਾ ਦੇ ਅਤਿਵਾਦੀ, ਦੋਵਾਂ ਦਾ ਭਾਜਪਾ ਨਾਲ ਸਰਗਰਮ ਸਬੰਧ ਹੈ। ਸੱਤਾਧਾਰੀ ਪਾਰਟੀ ਅਪਰਾਧਿਕ ਤੱਤਾਂ ਦੀ ਵਰਤੋਂ ਫ਼ਿਰਕੂ ਵੰਡ ਤੇ ਨਫ਼ਰਤ ਦੇ ਪ੍ਰਚਾਰ ਲਈ ਕਰ ਰਹੀ ਹੈ, ਭਾਵੇਂ ਇਹ ਗਊ ਰੱਖਿਅਕ ਹੋਣ ਜਾਂ ਅਤਿਵਾਦੀ।’ ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਕਥਿਤ ਦੋਸ਼ੀਆਂ ਦਾ ਸਬੰਧ ਵਿਰੋਧੀ ਧਿਰ ਦੇ ਕਿਸੇ ਆਗੂ ਨਾਲ ਹੁੰਦਾ ਤਾਂ ਇਨ੍ਹਾਂ ਖ਼ਿਲਾਫ਼ ਹੁਣ ਤੱਕ ਕਈ ਕੇਸ ਦਰਜ ਹੋ ਗਏ ਹੁੰਦੇ। ਦੂਜੇ ਪਾਸੇ, ਭਾਜਪਾ ਨੇ ਉਦੈਪੁਰ ਘਟਨਾ ’ਚ ਕਥਿਤ ਦੋਸ਼ੀ ਨਾਲ ਕਿਸੇ ਤਰ੍ਹਾਂ ਦੇ ਸਬੰਧਾਂ ਤੋਂ ਇਨਕਾਰ ਕੀਤਾ ਹੈ। -ਪੀਟੀਆਈ