ਲਖਨਊ, 18 ਮਈ
ਬਸਪਾ ਪ੍ਰਧਾਨ ਮਾਇਆਵਤੀ ਨੇ ਭਾਜਪਾ ’ਤੇ ਵਰ੍ਹਦਿਆਂ ਦੋਸ਼ ਲਾਇਆ ਹੈ ਕਿ ਗਰੀਬੀ, ਬੇਰੁਜ਼ਗਾਰੀ ਅਤੇ ਮਹਿੰਗਾਈ ਸਮੇਤ ਹੋਰ ਅਹਿਮ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਵੰਡਾਉਣ ਲਈ ਉਹ ਧਾਰਮਿਕ ਥਾਵਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਖਾਸ ਧਰਮ ਨਾਲ ਜੁੜੀਆਂ ਥਾਵਾਂ ਦੇ ਨਾਮ ਬਦਲ ਕੇ ਸਿਰਫ਼ ਨਫ਼ਰਤ ਹੀ ਪੈਦਾ ਹੋਵੇਗੀ। ਇਥੇੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਅਤੇ ਉਸ ਦੀਆਂ ਸਹਾਇਕ ਜਥੇਬੰਦੀਆਂ ਦੇ ਇਰਾਦੇ ਕਿਸੇ ਤੋਂ ਛੁਪੇ ਨਹੀਂ ਹਨ। ‘ਉਹ ਕਿਸੇ ਸਮੇਂ ਵੀ ਹਾਲਾਤ ਵਿਗਾੜ ਸਕਦੇ ਹਨ। ਆਜ਼ਾਦੀ ਤੋਂ ਬਾਅਦ ਸਾਜ਼ਿਸ਼ ਤਹਿਤ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਿਸ ਢੰਗ ਨਾਲ ਭੜਕਾਇਆ ਜਾ ਰਿਹਾ ਹੈ, ਉਸ ਨਾਲ ਮੁਲਕ ਮਜ਼ਬੂਤ ਨਹੀਂ ਸਗੋਂ ਕਮਜ਼ੋਰ ਹੋਵੇਗਾ। ਭਾਜਪਾ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ।’ ਬਸਪਾ ਸੁਪਰੀਮੋ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਵਾਰਾਨਸੀ ’ਚ ਗਿਆਨਵਾਪੀ ਮਸਜਿਦ, ਮਥੁਰਾ ’ਚ ਕ੍ਰਿਸ਼ਨ ਜਨਮਅਸਥਾਨ ਅਤੇ ਤਾਜ ਮਹਿਲ ਦੇ ਬੰਦ ਪਏ 22 ਕਮਰਿਆਂ ਨੂੰ ਖੋਲ੍ਹਣ ਬਾਰੇ ਅਦਾਲਤਾਂ ’ਚ ਪਟੀਸ਼ਨਾਂ ਪਾਈਆਂ ਗਈਆਂ ਹਨ। ਮਾਇਆਵਤੀ ਨੇ ਕਿਹਾ ਕਿ ਧਾਰਮਿਕ ਥਾਵਾਂ ਨੂੰ ਬਦਲਣ ਨਾਲ ਸ਼ਾਂਤੀ, ਸਦਭਾਵਨਾ ਜਾਂ ਭਾਈਚਾਰਕ ਸਾਂਝ ਦਾ ਮਾਹੌਲ ਪੈਦਾ ਨਹੀਂ ਹੋਵੇਗਾ। ਉਨ੍ਹਾਂ ਲੋਕਾਂ ਨੂੰ ਚੌਕਸ ਰਹਿਣ ਲਈ ਆਖਦਿਆਂ ਕਿਹਾ ਕਿ ਇਸ ਨਾਲ ਨਾ ਤਾਂ ਮੁਲਕ ਅਤੇ ਨਾ ਹੀ ਆਮ ਆਦਮੀ ਦਾ ਭਲਾ ਹੋਵੇਗਾ। -ਪੀਟੀਆਈ