ਭੋਪਾਲ, 14 ਜੁਲਾਈ
ਰਾਸ਼ਟਰਪਤੀ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੇ ਸੱਤਾਧਾਰੀ ਭਾਜਪਾ ’ਤੇ ਦੋਸ਼ ਲਾਇਆ ਹੈ ਕਿ ਉੁਹ ਮੁਲਕ ਦੇ ਸਿਖਰਲੇ ਸੰਵਿਧਾਨਕ ਅਹੁਦੇ ਦੀ ਚੋਣ ਲਈ (ਗੈਰ-ਭਾਜਪਾ ਵਿਧਾਇਕਾਂ ਦੀ) ਖਰੀਦੋ-ਫ਼ਰੋਖ਼ਤ ਵਿੱਚ ਸ਼ਾਮਲ ਹੈ। ਸਿਨਹਾ ਨੇ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਗਵਾਂ ਪਾਰਟੀ ‘ਅਪਰੇਸ਼ਨ ਕਮਲ’ ਚਲਾ ਰਹੀ ਹੈ, ਜਿਸ ਤਹਿਤ ‘ਗੈਰ-ਭਾਜਪਾ ਵਿਧਾਇਕਾਂ ਨੂੰ ਵੱਡੀਆਂ ਰਕਮਾਂ’ ਦੀ ਕਥਿਤ ਪੇਸ਼ਕਸ਼ ਕੀਤੀ ਜਾ ਰਹੀ ਹੈ। ਸਿਨਹਾ ਨੇ ਕਿਹਾ ਕਿ ਸੱਤਾਧਾਰੀ ਭਾਜਪਾ ਨਿਰਪੱਖ ਚੋਣਾਂ ਦੇ ਨਤੀਜਿਆਂ ਤੋਂ ਡਰਦੀ ਹੈ ਤੇ ਆਪਣੇ ਰਾਸ਼ਟਰਪਤੀ ਉੁਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਲਈ ਹੀ ਹੋਰਨਾਂ ਪਾਰਟੀਆਂ ਦੇ ਵਿਧਾਇਕਾਂ ਦੀ ਖਰੀਦੋ-ਫਰੋਖ਼ਤ ਕਰ ਰਹੀ ਹੈ। ਇਥੇ ਕਾਂਗਰਸੀ ਵਿਧਾਇਕਾਂ ਨਾਲ ਮੁਲਾਕਾਤ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਨਹਾ ਨੇ ਕਿਹਾ, ‘‘ਮੈਂ ਅੱਜ ਸਵੇਰੇ ਮੱਧ ਪ੍ਰਦੇਸ਼ ਦੇ ਪ੍ਰਮੁੱਖ ਅਖ਼ਬਾਰ ਵਿੱਚ ਛਪੀ ਖ਼ਬਰ ਪੜ੍ਹੀ ਦਾ ਬੜਾ ਦੁੱਖ ਹੋਇਆ। ਖ਼ਬਰ ਦਾ ਸਿਰਲੇਖ ਸੀ- ਭਾਜਪਾ ਨੇ ਕਾਂਗਰਸ ਦੇ 26 ਕਬਾਇਲੀ ਵਿਧਾਇਕਾਂ ’ਤੇ ਅੱਖ ਰੱਖੀ, ਕਰਾਸ ਵੋਟਿੰਗ ਲਈ ਤਿਆਰੀਆਂ।’’ ਉਨ੍ਹਾਂ ਕਿਹਾ, ‘‘ਮੈਨੂੰ ਭਰੋਸੇਮੰਦ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਗੈਰ-ਭਾਜਪਾ ਵਿਧਾਇਕਾਂ ਨੂੰ ਰਾਸ਼ਟਰਪਤੀ ਚੋਣਾਂ ਵਿੱਚ ਪਾਰਟੀ (ਭਾਜਪਾ) ਉਮੀਦਵਾਰ ਨੂੰ ਵੋਟਾਂ ਪਾਉਣ ਲਈ ਵੱਡੀਆਂ ਰਕਮਾਂ ਦੀ ਪੇਸ਼ਕਸ਼ ਕੀਤੀ ਗਈ ਹੈ।’’ ਇਸ ਤੋਂ ਸਾਫ਼ ਹੈ ਕਿ ਗਣਰਾਜ ਦੇ ਸਿਖਰਲੇ ਅਹੁਦੇ ਲਈ ਹੋਣ ਵਾਲੀ ਚੋਣ ਵਿੱਚ ‘ਅਪਰੇਸ਼ਨ ਕਮਲ’ ਅਮਲ ਵਿੱਚ ਆ ਗਿਆ ਹੈ। ਸਿਨਹਾ ਨੇ ਚੋਣ ਕਮਿਸ਼ਨ ਤੇ ਰਾਜ ਸਭਾ ਦੇ ਸਕੱਤਰ ਜਨਰਲ, ਜੋ ਰਾਸ਼ਟਰਪਤੀ ਚੋਣਾਂ ਲਈ ਰਿਟਰਨਿੰਗ ਅਧਿਕਾਰੀ ਹਨ, ਨੂੰ ਅਪੀਲ ਕੀਤੀ ਕਿ ਉਹ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਉਣ। ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ‘ਅਪਰੇਸ਼ਨ ਕਮਲ’ ਲਈ ਸਹੀ ਨਾਮ ‘ਅਪਰੇਸ਼ਨ ਮਾਲ’ ਹੈ। -ਪੀਟੀਆਈ
ਗੋਆ ਵਿੱਚ ਭਾਜਪਾ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਮਿਲੇ ਦਰੋਪਦੀ ਮੁਰਮੂ
ਪਣਜੀ: ਰਾਸ਼ਟਰਪਤੀ ਚੋਣਾਂ ਵਿੱਚ ਕੌਮੀ ਜਮਹੂਰੀ ਗੱਠਜੋੜ ਦੀ ਉਮੀਦਵਾਰ ਦਰੋਪਦੀ ਮੁਰਮੂ ਗੋਆ ਦੀ ਆਪਣੀ ਫੇਰੀ ਦੌਰਾਨ ਅੱਜ ਇਥੇ ਭਾਜਪਾ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਨਾਲ ਹੋਰਨਾਂ ਹਮਾਇਤੀ ਪਾਰਟੀਆਂ ਨੂੰ ਮਿਲੇ। ਉਧਰ ਕਾਂਗਰਸ ਨੇ ਗੋਆ ਅਸੈਂਬਲੀ ਦੇ ਸਪੀਕਰ ਵੱਲੋਂ ਮੁਰਮੂ ਦੀ ਵਿਧਾਇਕਾਂ ਨਾਲ ਮਿਲਣੀ ਦੇ ਮੱਦੇਨਜ਼ਰ ਅਸੈਂਬਲੀ ਦੇ ਚੱਲ ਰਹੇ ਮੌਨਸੂਨ ਇਜਲਾਸ ਨੂੰ ਮੁਲਤਵੀ ਕਰਨ ਦੇ ਫੈਸਲੇ ’ਤੇ ਉਜ਼ਰ ਜਤਾਇਆ। ਡੈਬੋਲਿਮ ਹਵਾਈ ਅੱਡੇ ’ਤੇ ਪੁੱਜੀ ਮੁਰਮੂ ਦਾ ਕੇਂਦਰੀ ਮੰਤਰੀ ਤੇ ਉੱਤਰੀ ਗੋਆ ਤੋਂ ਸੰਸਦ ਮੈਂਬਰ ਸ੍ਰੀਪਦ ਨਾਇਕ, ਰਾਜ ਸਭਾ ਮੈਂਬਰ ਵਿਨੈ ਤੇਂਦੁਲਕਰ ਤੇ ਗੋਆ ਭਾਜਪਾ ਦੇ ਪ੍ਰਧਾਨ ਸਦਾਨੰਦ ਸ਼ੇਤ ਤਨਾਵੜੇ ਨੇ ਸਵਾਗਤ ਕੀਤਾ। ਮੁਰਮੂ ਨੇ ਮਗਰੋਂ ਪਣਜੀ ਦੇ ਹੋਟਲ ਵਿੱਚ ਵਿਧਾਇਕਾਂ ਤੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ। -ਪੀਟੀਆਈ