ਨਵੀਂ ਦਿੱਲੀ, 17 ਜੁਲਾਈ
ਭਾਰਤੀ ਜਨਤਾ ਪਾਰਟੀ ਦੇ ਸ਼ਾਸਨ ਵਾਲੇ ਕੁਝ ਸੂਬਿਆਂ ’ਚ ਆਬਾਦੀ ਕੰਟਰੋਲ ਨੀਤੀ ਦਾ ਮੁੱਦਾ ਉਭਾਰੇ ਜਾਣ ਦੌਰਾਨ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਨੇ ਦੋਸ਼ ਲਾਇਆ ਕਿ ਭਾਜਪਾ ਸਿਆਸੀ ਮਨਸ਼ੇ ਕਾਰਨ ਇਹ ਮੁੱਦਾ ਚੁੱਕ ਰਹੀ ਹੈ ਅਤੇ ਇਸ ਦਾ ਮਕਸਦ ਇੱਕ ‘ਖਾਸ ਭਾਈਚਾਰੇ’ ਨੂੰ ਨਿਸ਼ਾਨਾ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਹੁਣ ਆਬਾਦੀ ਸਬੰਧੀ ਬਹਿਸ ਪੂਰੀ ਤਰ੍ਹਾਂ ਬੇਲੋੜੀ ਹੈ ਅਤੇ ਬਹੁਤੇ ਸੂਬਿਆਂ ਨੇ ਪ੍ਰਜਣਨ ਦੀ ਬਦਲਵੀਂ ਦਰ ਹਾਸਲ ਕਰ ਲਈ ਹੈ। ਥਰੂਰ ਨੇ ਇੱਕ ਇੰਟਰਵਿਊ ’ਚ ਕਿਹਾ ਕਿ ਅਗਲੇ 20 ਸਾਲਾਂ ’ਚ ਭਾਰਤ ਲਈ ਇੱਕ ਵੱਡੀ ਚੁਣੌਤੀ ਇਹ ਹੈ ਕਿ ਉਸ ਨੂੰ ਬਜ਼ੁਰਗਾਂ ਦੀ ਵੱਡੀ ਆਬਾਦੀ ਹੋਣ ਦੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਪਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਇੱਕ ‘ਖਾਸ ਫਿਰਕੇ’ ਨੂੰ ਨਿਸ਼ਾਨਾ ਬਣਾਉਣ ਲਈ ਲੁਕਵੇਂ ਮਕਸਦ ਨਾਲ ਇਹ ਮੁੱਦਾ ਚੁੱਕ ਰਹੀ ਹੈ। ਥਰੂਰ ਮੁਤਾਬਕ, ‘ਇਹ ਕੋਈ ਇਤਫ਼ਾਕ ਨਹੀਂ ਹੈ ਕਿ ਯੂਪੀ, ਅਸਾਮ ਅਤੇ ਲਕਸ਼ਦੀਪ ’ਚ ਆਬਾਦੀ ਘਟਾਉਣ ਲਈ ਗੱਲ ਹੋ ਰਹੀ ਹੈ। ਹਰ ਕੋਈ ਜਾਣਦਾ ਹੈ ਕਿ ੳਨ੍ਹਾਂ ਦਾ ਇਰਾਦਾ ਕੀ ਹੈ।’
-ਪੀਟੀਆਈ