ਨਵੀਂ ਦਿੱਲੀ, 30 ਅਕਤੂਬਰ
ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਅੱਜ ਕਿਹਾ ਕਿ ਉਨ੍ਹਾਂ ਕਸ਼ਮੀਰ ਮੁੱਦੇ ’ਤੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਵੱਲੋਂ ਜਵਾਹਰਲਾਲ ਨਹਿਰੂ ਦੀ ਆਲੋਚਨਾ ਬਾਰੇ ਭਾਜਪਾ ਦੇ ਇੱਕ ਵਿਚਾਰਕ ਨਾਲ ਗੱਲ ਕੀਤੀ ਅਤੇ ਉਨ੍ਹਾਂ (ਭਾਜਪਾ ਵਿਚਾਰਕ ਨੇ) ਕਿਹਾ ਕਿ ਨਹਿਰੂ ਨੂੰ ਬਦਨਾਮ ਕਰਨਾ ਇੱਕ ਗੱਲ ਹੈ ਪਰ ਤਤਕਾਲੀ ਸ਼ਾਸਕ ਹਰੀ ਸਿੰਘ ਨੂੰ ਉਦਾਰ ਨਾਇਕ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਰਿਜਿਜੂ ਨੇ ਕਿਹਾ ਸੀ ਕਿ ਧਾਰਾ 370 ਨੂੰ ਲਾਗੂ ਕਰਨਾ ਤੇ ਪਾਕਿਸਤਾਨ ਨਾਲ ਵਿਵਾਦ ਨੂੰ ਸੰਯੁਕਤ ਰਾਸ਼ਟਰ ’ਚ ਲਿਜਾਣ ਦੀਆਂ ਨਹਿਰੂ ਦੀਆਂ ਗਲਤੀਆਂ ਨੇ ਬਹੁਤ ਨੁਕਸਾਨ ਕੀਤਾ। ਦੇਸ਼ ਦੇ ਸਰੋਤਾਂ ਨੂੰ ਖਤਮ ਕਰ ਦਿੱਤਾ ਅਤੇ ਅਤਿਵਾਦ ਨੇ ਸੈਨਿਕਾਂ ਤੇ ਨਾਗਰਿਕਾਂ ਸਮੇਤ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ।
ਰਮੇਸ਼ ਨੇ ਟਵੀਟ ਕੀਤਾ, ‘ਅੱਜ ਸਵੇਰੇ ਮੈਂ ਭਾਜਪਾ ਦੇ ਇੱਕ ਵਿਚਾਰਕ ਨਾਲ ਕਿਰਨ ਰਿਜਿਜੂ ਬਾਰੇ ਗੱਲ ਕੀਤੀ ਜੋ ਕਿ ਇਤਿਹਾਸ ਵਿਗਾੜਨ ਵਾਲੇ ਧੜੇ ’ਚ ਨਵੀਂ ਸ਼ਮੂਲੀਅਤ ਹਨ।’ ਕਾਂਗਰਸ ਦੇ ਸੀਨੀਅਰ ਆਗੂ ਨੇ ਭਾਜਪਾ ਵਿਚਾਰਕ ਦਾ ਨਾਂ ਲਏ ਬਿਨਾਂ ਕਿਹਾ, ‘ਉਨ੍ਹਾਂ (ਭਾਜਪਾ ਦੇ ਵਿਚਾਰਕ) ਮੈਨੂੰ ਸੁਨੇਹਾ ਭੇਜਿਆ: ਅਜੀਬ ਗੱਲ ਇਹ ਹੈ ਕਿ ਨਹਿਰੂ ਨੂੰ ਬਦਨਾਮ ਕਰਨਾ ਇੱਕ ਗੱਲ ਹੈ ਪਰ ਹਰੀ ਸਿੰਘ ਨੂੰ ਇਮਾਨਦਾਰ ਤੇ ਉਦਾਰ ਨਾਇਕ ਵਜੋਂ ਪੇਸ਼ ਕੀਤਾ ਜਾਂਦਾ ਹੈ।’ ਹਰੀ ਸਿੰਘ ਜੰਮੂ ਕਸ਼ਮੀਰ ਰਿਆਸਤ ਦੇ ਆਖਰੀ ਸ਼ਾਸਕ ਸਨ। ਉਨ੍ਹਾਂ ਭਾਰਤ ’ਚ ਰਲੇਵੇਂ ਦੇ ਦਸਤਾਵੇਜ਼ਾਂ ’ਤੇ ਦਸਤਖ਼ਤ ਕੀਤੇ ਸਨ। ਜ਼ਿਕਰਯੋਗ ਹੈ ਕਿ ਰਿਜਿਜੂ ਨੇ ਇੱਕ ਪੋਰਟਲ ਲਈ ‘ਪੰਜ ਨਹਿਰੂਵਾਦੀ ਗਲਤੀਆਂ’ ਦਾ ਹਵਾਲਾ ਦਿੰਦਿਆਂ ਇੱਕ ਲੇਖ ਲਿਖਿਆ ਸੀ। -ਪੀਟੀਆਈ