ਕੋਲਕਾਤਾ, 12 ਅਗਸਤ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜਨੀ ਨੇ ਅੱਜ ਸੀਏਪੀਐੱਫ (ਕੇਂਦਰੀ ਹਥਿਆਰਬੰਦ ਪੁਲੀਸ ਫੋਰਸ) ਭਰਤੀ ਪ੍ਰੀਖਿਆ ’ਚ ਕਥਿਤ ਤੌਰ ’ਤੇ ਸਿਆਸਤ ਤੋਂ ਪ੍ਰੇਰਿਤ ਸਵਾਲ ਪਾਉਣ ’ਤੇ ਕੇਂਦਰ ’ਤੇ ਵਰ੍ਹਦਿਆਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਭਾਜਪਾ ਆਪਣੇ ਸਿਆਸੀ ਹਿੱਤਾਂ ਲਈ ਕਿਸ ਤਰ੍ਹਾਂ ਕੇਂਦਰੀ ਬਲਾਂ ਦਾ ਸਿਆਸੀਕਰਨ ਕਰ ਰਹੀ ਹੈ।
ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ਇਹ ਸਵਾਲ ਭਾਜਪਾ ਦੇ ਪਾਰਟੀ ਦਫ਼ਤਰ ’ਚ ਤਿਆਰ ਕੀਤੇ ਗਏ ਹਨ ਤੇ ਇਸ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਦੀ ਵੁੱਕਤ ਘਟਾ ਦਿੱਤੀ ਹੈ। ਉਨ੍ਹਾਂ ਕਿਹਾ, ‘ਇਹ ਹੈਰਾਨੀ ਦੀ ਗੱਲ ਹੈ ਕਿ ਯੂਪੀਐੱਸਸੀ ਵੱਲੋਂ ਲਈ ਜਾ ਰਹੀ ਪ੍ਰੀਖਿਆ ’ਚ ਸਿਆਸਤ ਤੋਂ ਪ੍ਰੇਰਿਤ ਸਵਾਲ ਪੁੱਛੇ ਜਾ ਰਹੇ ਹਨ। ਇਸ ਤੋਂ ਸਿੱਧ ਹੁੰਦਾ ਹੈ ਕਿ ਭਾਜਪਾ ਆਪਣੇ ਸਿਆਸੀ ਹਿੱਤਾਂ ਲਈ ਕਿਸ ਤਰ੍ਹਾਂ ਕੇਂਦਰੀ ਬਲਾਂ ਦਾ ਸਿਆਸੀਕਰਨ ਕਰ ਰਹੀ ਹੈ। ਅਸੀਂ ਦੇਖਿਆ ਹੈ ਕਿ ਕਿਸ ਤਰ੍ਹਾਂ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੀਏਪੀਐੱਫ ਦੀ ਵਰਤੋਂ ਚੋਣ ਬੂਥਾਂ ’ਤੇ ਕਬਜ਼ਾ ਕਰਨ ਤੇ ਕੂਚਬਿਹਾਰ ਤੇ ਸੀਤਲਕੂਚੀ ’ਚ ਲੋਕਾਂ ਨੂੰ ਮਾਰਨ ਲਈ ਕੀਤੀ ਗਈ।’
ਇਸੇ ਦੌਰਾਨ ਉਨ੍ਹਾਂ ਕਿਹਾ ਕਿ ਤ੍ਰਿਣਮੂਲ ਕਾਂਗਰਸ ਤ੍ਰਿਪੁਰਾ ’ਚ ਭਾਜਪਾ ਦੇ ਵਿਰੋਧ ਨੂੰ ਪਛਾੜ ਦੇਵੇਗੀ ਤੇ ਵਿਧਾਨ ਸਭਾ ਚੋਣਾਂ ’ਚ ਜਿੱਤ ਦਰਜ ਕਰੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ਪੂਰਬ-ਉੱਤਰ ਰਾਜ ’ਚ ਟੀਐੱਮਸੀ ਦੇ ਵਰਕਰਾਂ ’ਤੇ ਹੋਏ ਜ਼ੁਲਮਾਂ ਦਾ ਦਿੱਲੀ ’ਚ ਅਸਰ ਦਿਖਾਈ ਦੇਵੇਗਾ। ਬੈਨਰਜੀ ਨੇ ਦਾਅਵਾ ਕੀਤਾ ਕਿ ਪੱਛਮੀ ਬੰਗਾਲ ’ਚ ਇਸ ਸਾਲ ਦੀ ਸ਼ੁਰੂਆਤ ’ਚ ਚੋਣਾਂ ਦੌਰਾਨ ਭਾਜਪਾ ਨਾਲ ਜੁੜੇ ਕਰੀਬ ਦੋ ਲੱਖ ਲੋਕ ਤੇ ਇੱਥੋਂ ਤੱਕ ਕਿ ਵਿਦੇਸ਼ਾਂ ਤੋਂ ਵੀ ਲੋਕ ਸੂਬੇ ’ਚ ਆਏ ਅਤੇ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਟੀਐੱਮਸੀ ਆਗੂ ਤ੍ਰਿਪੁਰਾ ਕਿਉਂ ਨਹੀਂ ਜਾ ਸਕਦੇ ਜਿੱਥੇ ਭਾਜਪਾ ਦਾ ਰਾਜ ਹੈ। ਉਨ੍ਹਾਂ ਕਿਹਾ ਕਿ ਉਹ ਲਾਜ਼ਮੀ ਤੌਰ ’ਤੇ ਤ੍ਰਿਪੁਰਾ ਜਾਣਗੇ ਤੇ ਉੱਥੇ ਚੋਣਾਂ ਜਿੱਤਣਗੇ। -ਪੀਟੀਆਈ