ਰਾਏਬਰੇਲੀ (ਯੂਪੀ), 20 ਫਰਵਰੀ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਭਾਜਪਾ ਆਮ ਲੋਕਾਂ ਦੀ ਸੇਵਾ ਕਰਨ ਦੇ ‘ਰਾਜ ਧਰਮ’ ਨੂੰ ਭੁੱਲ ਕੇ ਸਿਰਫ਼ ਵੱਡੇ ਕਾਰੋਬਾਰੀਆਂ ਲਈ ਹੀ ਕੰਮ ਕਰ ਰਹੀ ਹੈ। ਰਾਏਬਰੇਲੀ ਦੇ ਜਗਤਪੁਰਾ ਇਲਾਕੇ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਨੇ ਲੋਕਾਂ ਨੂੰ ਚੌਕਸ ਕੀਤਾ ਕਿ ਉਹ ‘ਧਰਮ ਤੇ ਜਾਤ’ ਦੇ ਨਾਂ ’ਤੇ ਵੋਟਾਂ ਮੰਗਣ ਵਾਲਿਆਂ ਤੋਂ ਬਚ ਕੇ ਰਹਿਣ।
ਪ੍ਰਿਯੰਕਾ ਨੇ ਕਿਹਾ, ‘‘ਭਾਜਪਾ ਆਗੂ, ਲੋਕਾਂ ਦੀ ਸੇਵਾ ਕਰਨ ਦੇ ਆਪਣੇ ਰਾਜ ਧਰਮ ਨੂੰ ਭੁੱਲ ਗਏ ਹਨ। ਉਨ੍ਹਾਂ ਲਈ ਧਰਮ, ਵੋਟਾਂ ਲੈਣ ਖ਼ਾਤਿਰ ਲੋਕਾਂ ਨੂੰ ਭੜਕਾਉਣ ਦਾ ਜ਼ਰੀਆ ਹੈ। ਸਰਕਾਰ ਲੋਕ ਸੇਵਾ ਦੇ ਆਪਣੇ ‘ਰਾਜ ਧਰਮ’ ਨੂੰ ਨਹੀਂ ਨਿਭਾ ਰਹੀ।’’ ਮਹਿੰਗਾਈ ਦੀ ਗੱਲ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ ਗੈਸ ਸਿਲੰਡਰ ਤੇ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਅਸਮਾਨੀ ਪੁੱਜ ਚੁੱਕੀਆਂ ਹਨ। ਉਨ੍ਹਾਂ ਕਿਹਾ, ‘‘ਤੁਸੀਂ 200 ਰੁਪਏ ਦੀ ਦਿਹਾੜੀ ਕਮਾਉਂਦੇੇ ਹੋ ਤੇ ਸਰ੍ਹੋਂ ਦੇ ਤੇਲ ਦੀ ਇਕ ਬੋਤਲ ਦੀ ਕੀਮਤ 240 ਰੁਪਏ ਹੈ।’’ ਨੌਜਵਾਨਾਂ ’ਚ ਬੇਰੁਜ਼ਗਾਰੀ ਤੇ ਸੂਬੇ ਦੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਦੀ ਗੱਲ ਕਰਦਿਆਂ ਪ੍ਰਿਯੰਕਾ ਨੇ ਦੋਸ਼ ਲਾਇਆ ਕਿ ਸਰਕਾਰ ਇਨ੍ਹਾਂ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਵੰਡਾਉਣ ਲਈ ਹੀ ਧਾਰਮਿਕ ਭਾਵਨਾਵਾਂ ਨੂੰ ਹਵਾ ਦਿੰਦੀ ਹੈ। ਉਨ੍ਹਾਂ ਕਿਹਾ, ‘‘ਕਿਸਾਨਾਂ ਦਾ ਸਰਕਾਰ ਵੱਲ ਗੰਨੇ ਦੀ ਫਸਲ ਦਾ 14000 ਕਰੋੜ ਰੁਪਏ ਦਾ ਬਕਾਇਆ ਖੜ੍ਹਾ ਹੈ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਲਈ 16000 ਕਰੋੜ ਰੁਪਏ ਮੁੱਲ ਦੇ ਦੋ ਹਵਾਈ ਜਹਾਜ਼ ਖਰੀਦੇ ਹਨ। ਸ੍ਰੀ ਮੋਦੀ ਇਨ੍ਹਾਂ ਵਿੱਚ ਪੂਰੀ ਦੁਨੀਆ ਘੁੰਮਦੇ ਹਨ, ਪਰ ਕਿਸਾਨਾਂ ਦੇ ਬਕਾਇਆ ਦੇਣ ਤੋਂ ਮੁਨਕਰ ਹਨ।’’ -ਪੀਟੀਆਈ
‘ਅਖਿਲੇਸ਼ ਪਿਛਲੇ ਤਿੰਨ ਸਾਲ ਘਰ ਤੋਂ ਬਾਹਰ ਨਹੀਂ ਨਿਕਲੇ’
ਪ੍ਰਿਯੰਕਾ ਨੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਨ੍ਹਾਂ ਪਿਛਲੇ ਤਿੰਨ ਸਾਲਾਂ ਦੌਰਾਨ ਯੂਪੀ ਵਿੱਚ ਅਖਿਲੇਸ਼ ਨੂੰ ਲੋਕਾਂ ਲਈ ਕੰਮ ਕਰਦਿਆਂ ਨਹੀਂ ਵੇਖਿਆ। ਪ੍ਰਿਯੰਕਾ ਨੇ ਕਿਹਾ, ‘‘ਮੈਂ ਪਿਛਲੇ ਤਿੰਨ ਸਾਲਾਂ ਤੋਂ ਯੂਪੀ ਵਿੱਚ ਸਰਗਰਮੀ ਨਾਲ ਕੰਮ ਕਰ ਰਹੀ ਹਾਂ, ਪਰ ਕਦੇ ਵੀ ਅਖਿਲੇਸ਼ ਯਾਦਵ ਨੂੰ ਉਨ੍ਹਾਂ ਦੇ ਘਰੋਂ ਬਾਹਰ ਨਿਕਲਦਾ ਨਹੀਂ ਵੇਖਿਆ। ਮਹਿਜ਼ ਚੋਣਾਂ ਤੋਂ ਪਹਿਲਾਂ ਉਹ ਆਪਣੀ ਬੱਸ ’ਤੇ ਬੈਠ ਕੇ ਵੋਟਾਂ ਮੰਗਣ ਲਈ ਬਾਹਰ ਨਿਕਲੇ ਹਨ। ਪਿਛਲੇ ਤਿੰਨ ਸਾਲਾਂ ਵਿੱਚ ਅਖਿਲੇਸ਼ ਯਾਦਵ ਤੇ ਮਾਇਆਵਤੀ ਕਿਤੇ ਵੀ ਨਜ਼ਰ ਨਹੀਂ ਆਏ।’’ -ਪੀਟੀਆਈ