ਜੰਜਗੀਰ-ਚੰਪਾ (ਛੱਤੀਸਗੜ੍ਹ), 30 ਅਪਰੈਲ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੇਸ਼ ਵਿਚਲੇ ਮੁਸਲਮਾਨਾਂ ਨਾਲ ਵਧੀਕੀਆਂ ਕਰਨ ਦੇ ਮਾਮਲੇ ’ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਲੋਕ ਸਭਾ ਦੀਆਂ ਚਾਰ ਸੌ ਸੀਟਾਂ ਗਰੀਬਾਂ ਦੀ ਭਲਾਈ ਕਰਨ ਲਈ ਨਹੀਂ ਜਿੱਤਣਾ ਚਾਹੁੰਦੀ ਸਗੋਂ ਗਰੀਬਾਂ ਦੇ ਹੱਕ ਖੋਹਣ ਲਈ ਜਿੱਤਣਾ ਚਾਹੁੰਦੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਸਿਰਫ ਮੁਸਲਮਾਨਾਂ ਨੂੰ ਹੀ ਨਿਸ਼ਾਨਾ ਬਣਾ ਕੇ ਕਿਉਂ ਗੱਲ ਕਰਦੇ ਹਨ ਜਦਕਿ ਗਰੀਬਾਂ ਦੇ ਮੁਸਲਮਾਨਾਂ ਨਾਲੋਂ ਜ਼ਿਆਦਾ ਬੱਚੇ ਹਨ। ਖੜਗੇ ਨੇ ਛੱਤੀਸਗੜ੍ਹ ਦੇ ਜੰਜਗੀਰ-ਚੰਪਾ ਜ਼ਿਲ੍ਹੇ ਵਿੱਚ ਇੱਕ ਰੈਲੀ ਵਿੱਚ ਦਾਅਵਾ ਕੀਤਾ ਕਿ ਜਦੋਂ ਮੋਦੀ ਨੂੰ ਪਤਾ ਲੱਗਿਆ ਕਿ ਇੰਡੀਆ ਗੱਠਜੋੜ ਬਹੁਮਤ ਵੱਲ ਵਧ ਰਿਹਾ ਹੈ ਤਾਂ ਉਹ ਨਿਰਾਸ਼ ਹੋ ਗਏ ਅਤੇ ਉਹ ਹੁਣ ‘ਮੰਗਲਸੂਤਰ’ ਅਤੇ ‘ਮੁਸਲਮਾਨਾਂ’ ਬਾਰੇ ਗੱਲ ਕਰ ਰਹੇ ਹਨ। ਸ੍ਰੀ ਖੜਗੇ ਨੇ ਜੰਜਗੀਰ-ਚੰਪਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸ਼ਿਵ ਕੁਮਾਰ ਡਾਹਰੀਆ ਲਈ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਭਾਜਪਾ 400 ਤੋਂ ਵੱਧ ਲੋਕ ਸਭਾ ਸੀਟਾਂ ਗਰੀਬਾਂ ਦੀ ਭਲਾਈ ਲਈ ਨਹੀਂ ਸਗੋਂ ਉਨ੍ਹਾਂ ਦੇ ਹੱਕ ਖੋਹਣ ਲਈ ਜਿੱਤਣਾ ਚਾਹੁੰਦੀ ਹੈ। ਖੜਗੇ ਨੇ ਰੈਲੀ ਦੌਰਾਨ ਹਾਜ਼ਰੀਨ ਨੂੰ ਕਿਹਾ ਕਿ ਉਹ ਮੋਦੀ ਸਰਕਾਰ ਦੀਆਂ ਗੱਲਾਂ ਵਿਚ ਆ ਕੇ ਗੁੰਮਰਾਹ ਨਾ ਹੋਣ। -ਪੀਟੀਆਈ