ਨਵੀਂ ਦਿੱਲੀ, 4 ਸਤੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਮੁੱਦੇ ’ਤੇ ਅੱਜ ਕੇਂਦਰ ਦੀ ਭਾਜਪਾ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਡਰ ਤੇ ਨਫਰਤ ਦਾ ਪ੍ਰਚਾਰ ਪਾਸਾਰ ਕਰਕੇ ਦੇਸ਼ ਨੂੰ ਕਮਜ਼ੋਰ ਕਰ ਰਹੇ ਹਨ, ਜਿਸ ਦਾ ਫਾਇਦਾ ਦੇਸ਼ ਦੇ ਦੁਸ਼ਮਣਾਂ ਨੂੰ ਮਿਲੇਗਾ। ਰਾਹੁਲ ਨੇ ਕਿਹਾ ਕਿ ਭਾਜਪਾ ਦੇ ਸੱਤਾ ਵਿੱਚ ਆਉਣ ਮਗਰੋਂ ਮੀਡੀਆ, ਨਿਆਂਪਾਲਿਕਾ, ਚੋਣ ਕਮਿਸ਼ਨ ਉੱਤੇ ਵੱਡਾ ਦਬਾਅ ਹੈ ਤੇ ਸਰਕਾਰ ਇਨ੍ਹਾਂ ਨੂੰ ਕਮਜ਼ੋਰ ਕਰ ਰਹੀ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਵੱਡੇ ਸਨਅਤਕਾਰਾਂ ਨੂੰ ਲਾਭ ਪਹੁੰਚਾਉਣ ਲਈ 24 ਘੰਟੇ ਕੰਮ ਕਰਦੇ ਹਨ। ਰਾਹੁਲ ਨੇ ਕਿਹਾ ਕਿ ਉਹ ਈਡੀ ਤੋਂ ਨਹੀਂ ਡਰਦੇ ਤੇ ਜਾਂਚ ਏਜੰਸੀ ਉਨ੍ਹਾਂ ਤੋਂ 55 ਘੰਟੇ ਦੀ ਥਾਂ ਭਾਵੇਂ 500 ਘੰਟੇ ਪੁੱਛ-ਪੜਤਾਲ ਕਰ ਲਵੇ। ਉਧਰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਭਾਜਪਾ ਵਿਚਲੇ ਲੋਕ ਫਾਸ਼ੀਵਾਦੀ ਹਨ, ਜਿਨ੍ਹਾਂ ਚਿਹਰੇ ’ਤੇ ਜਮਹੂਰੀਅਤ ਦਾ ਮੁਖੌਟਾ ਪਾਇਆ ਹੋਇਆ ਹੈ। ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਵੀ ਭਾਜਪਾ ਸਰਕਾਰ ’ਤੇ ਹਮਲੇ ਕੀਤੇ।
ਇਥੇ ਰਾਮਲੀਲਾ ਮੈਦਾਨ ਵਿੱਚ ‘ਮਹਿੰਗਾਈ ਪਰ ਹੱਲਾ ਬੋਲ’ ਰੈਲੀ ਰਾਹੀਂ ਮੋਦੀ ਸਰਕਾਰ ਨੂੰ ਰਗੜੇ ਲਾਉਂਦਿਆਂ ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੋ ਭਾਰਤ ਸਿਰਜੇ ਗਏ ਹਨ, ਇਨ੍ਹਾਂ ਵਿੱਚੋਂ ਇਕ ਗਰੀਬਾਂ ਦਾ ਹੈ, ਜਿੱਥੇ ਕੋਈ ਸੁਫ਼ਨੇ ਪੂਰੇ ਨਹੀਂ ਹੋ ਸਕਦੇ, ਅਤੇ ਦੂਜਾ ਕੁਝ ਮੁੱਠੀ ਭਰ ਵੱਡੇ ਕਾਰੋਬਾਰੀਆਂ ਲਈ ਹੈ, ਜਿੱਥੇ ਹਰੇਕ ਸੁਪਨਾ ਪੂਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜਿੱਥੇ ਦੇਸ਼ ਨੂੰ ਵੰਡ ਕੇ ਵੱਡੇ ਕਾਰੋਬਾਰੀਆਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਹਨ, ਉਥੇ ਕਾਂਗਰਸ ਦੀ ਵਿਚਾਰਧਾਰਾ ਸਾਰਿਆਂ, ਖਾਸ ਕਰਕੇ ਗਰੀਬਾਂ ਤੇ ਦੱਬੇ ਕੁਚਲਿਆਂ ਨੂੰ, ਬਰਾਬਰ ਦੇ ਲਾਭ ਦੇਣ ਦੀ ਵਕਾਲਤ ਕਰਦੀ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਵਿਰੋਧੀ ਧਿਰ ਨੂੰ ਸੰਸਦ ਵਿੱਚ ਬੋਲਣ ਦੀ ਇਜਾਜ਼ਤ ਨਹੀਂ ਦਿੰਦੀ ਅਤੇ ਜਿਸ ਕਰਕੇ ‘ਸਾਡੇ ਕੋਲ ਇਕੋ ਇਕ ਰਾਹ ਲੋਕਾਂ ਨਾਲ ਸਿੱਧਾ ਰਾਬਤਾ ਕਰਨ ਤੇ ਉਨ੍ਹਾਂ ਨੂੰ ਦੇਸ਼ ਦੀ ਅਸਲ ਸਚਾਈ ਬਾਰੇ ਦੱਸਣਾ ਹੈ।’’ ਇਹੀ ਵਜ੍ਹਾ ਹੈ ਕਿ ਕਾਂਗਰਸ ਪਾਰਟੀ ਵੱਲੋਂ ਇਸ ਹਫ਼ਤੇ ‘ਭਾਰਤ ਜੋੜੋ’ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ। ਕਾਂਗਰਸ ਆਗੂ ਨੇ ਕਿਹਾ ਕਿ ਇਸ ਯਾਤਰਾ ਸਦਕਾ ਲੋਕਾਂ ਨਾਲ ਸਿੱਧੀ ਗੱਲਬਾਤ ਕਰਨ ਤੇ ਉਨ੍ਹਾਂ ਦੇ ਮੁੱਦੇ ਵਿਚਾਰਨ ਵਿੱਚ ਮਦਦ ਮਿਲੇਗੀ।
ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਨੇ 27 ਕਰੋੜ ਲੋਕਾਂ ਨੂੰ ਗਰੀਬੀ ’ਚੋਂ ਕੱਢਿਆ ਸੀ, ਪਰ ਪਿਛਲੇ ਅੱਠ ਸਾਲਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ‘23 ਕਰੋੜ’ ਲੋਕਾਂ ਨੂੰ ਮੁੜ ਗਰੀਬੀ ਦੀ ਦਲਦਲ ’ਚ ਧੱਕ ਦਿੱਤਾ। ਉਨ੍ਹਾਂ ਕਿਹਾ, ‘‘ਅਸੀਂ ਜਿਹੜੇ ਕੰਮ 10 ਸਾਲਾਂ ਵਿੱਚ ਕੀਤੇ, ਉਨ੍ਹਾਂ 8 ਸਾਲਾਂ ਵਿੱਚ ਉਹ ਤਬਾਹ ਕਰ ਛੱਡੇੇ। ਨਰਿੰਦਰ ਮੋਦੀ ਭਾਰਤ ਨੂੰ ਪਿਛਾਂਹ ਵੱਲ ਲਿਜਾ ਰਹੇ ਹਨ। ਨਰਿੰਦਰ ਮੋਦੀ ਜੀ ਨਫ਼ਰਤ ਤੇ ਡਰ ਫੈਲਾ ਰਹੇ ਹਨ। ਇਸ ਦਾ ਫਾਇਦਾ ਦੇਸ਼ ਦੇ ਦੁਸ਼ਮਣਾਂ ਨੂੰ ਮਿਲੇਗਾ, ਇਸ ਦਾ ਲਾਭ ਚੀਨ ਤੇ ਪਾਕਿਸਤਾਨ ਨੂੰ ਹੋਵੇਗਾ, ਪਰ ਭਾਰਤ ਨੂੰ ਨਹੀਂ। ਜਿੰਨੀ ਵੱਧ ਨਫਰਤ ਫੈਲਾਓਗੇ, ਓਨਾ ਦੇਸ਼ ਕਮਜ਼ੋਰ ਹੋਵੇਗਾ।’’
ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ਰੁਜ਼ਗਾਰ ਮੁਹੱਈਆ ਕਰਵਾਉਣ ਵਿੱਚ ਨਾਕਾਮ ਰਹੀ ਤੇ ਸਿਰਫ ਦੋ ਵੱਡੇ ਸਨਅਤਕਾਰਾਂ ਨੂੰ ਹੀ ਫਾਇਦਾ ਪਹੁੰਚਾਇਆ। ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਤੇ ਦੋਵੇਂ ਸਨਅਤਕਾਰ ਇਕ ਦੂਜੇ ਦੇ ਫਾਇਦੇ ਲਈ ਸੱਤੇ ਦਿਨ 24 ਘੰਟੇ ਕੰਮ ਕਰਦੇ ਹਨ।’’ ਰਾਹੁਲ ਨੇ ਦਾਅਵਾ ਕੀਤਾ ਕਿ ‘ਸਿਰਫ਼ ਕਾਂਗਰਸ ਦੀ ਵਿਚਾਰਧਾਰਾ ਹੀ ਦੇਸ਼ ਨੂੰ ਤਰੱਕੀ ਦੇ ਰਾਹ ਪਾ ਸਕਦੀ ਹੈ।’ ਉਨ੍ਹਾਂ ਕਿਹਾ ਕਿ ਸਰਕਾਰ ਦੀ ਨੁਕਤਾਚੀਨੀ ਕਰਨ ਵਾਲੇ ਕਾਰਕੁਨਾਂ, ਵਿਰੋਧੀ ਧਿਰ ਦੇ ਆਗੂਆਂ ਜਾਂ ਮੋਦੀ ਦੇ ਆਲੋਚਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਕਾਂਗਰਸ ਆਗੂ ਨੇ ਕਿਹਾ, ‘‘ਮੈਨੂੰ ਈਡੀ ਦਫ਼ਤਰ ਵਿੱਚ 55 ਘੰਟੇ ਬਿਠਾ ਕੇ ਰੱਖਿਆ ਗਿਆ, ਪਰ ਮੈਂ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੈਂ ਤੁਹਾਡੀ ਈਡੀ ਤੋਂ ਨਹੀਂ ਡਰਦਾ, ਫਿਰ ਚਾਹੇ ਮੈਨੂੰ 500 ਘੰਟੇ ਹੀ ਕਿਉਂ ਨਾ ਬਿਠਾ ਕੇ ਰੱਖਿਆ ਜਾਵੇ।’’ ਗਾਂਧੀ ਨੇ ਕਿਹਾ ਕਿ ਤਿੰਨ ‘ਕਾਲੇ ਖੇਤੀ ਕਾਨੂੰਨ’ ਕਿਸਾਨਾਂ ਦੀ ਮਦਦ ਲਈ ਨਹੀਂ ਬਲਕਿ ਕੁਝ ਸਨਅਤਕਾਰਾਂ ਨੂੰ ਲਾਹਾ ਦੇਣ ਲਈ ਲਿਆਂਦੇ ਗਏ ਸਨ। ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਨੇ ਸੰਸਦ ਵਿੱਚ ਮਹਿੰਗਾਈ ਦੇ ਮੁੱਦੇ ’ਤੇ ਚਰਚਾ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਦੋਂਕਿ ਸਰਕਾਰ ਇਸ ਨੂੰ ਟਾਲਦੀ ਰਹੀ। ਖੜਗੇ ਨੇ ਕਿਹਾ ਕਿ ਸਰਕਾਰ ਵਿਚਾਰ ਚਰਚਾ ਲਈ ਉਦੋਂ ਹੀ ਤਿਆਰ ਹੋਈ ਜਦੋਂ ਰਾਹੁਲ ਗਾਂਧੀ ਦੀ ਅਗਵਾਈ ਵਿਚ ‘ਸੰਸਦ ਤੋਂ ਸੜਕ’ ਤੱਕ ਲੜਾਈ ਲੜੀ ਗਈ, ਪਰ ਪੰਜ ਘੰਟੇ ਦੀ ਵਿਚਾਰ ਚਰਚਾ ਦੌਰਾਨ ਕਾਂਗਰਸ ਨੂੰ ਸਿਰਫ਼ 28 ਮਿੰਟ ਦਿੱਤੇ ਗਏ। ਉਨ੍ਹਾਂ ਕਿਹਾ ਕਿ ਦਹੀਂ ਜਿਹੀਆਂ ਨਿੱਤ ਵਰਤੋਂ ਦੀਆਂ ਵਸਤਾਂ ’ਤੇ ਜੀਐੱਸਟੀ ਵਧਾ ਦਿੱਤਾ ਗਿਆ ਹੈ। ਬੇਰੁਜ਼ਗਾਰੀ ਤੇ ਮਹਿੰਗਾਈ ਲਗਾਤਾਰ ਵਧ ਰਹੀ ਹੈ ਤੇ ਦੂਜੇ ਪਾਸੇ ਡਾਲਰ ਦੇ ਮੁਕਾਬਲੇ ਰੁਪਈਆ ਲਗਾਤਾਰ ਡਿੱਗ ਰਿਹਾ ਹੈ। ਖੜਗੇ ਨੇ ਕਿਹਾ, ‘‘ਮੈਂ ਮੋਦੀ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਬੇਰੁਜ਼ਗਾਰੀ ਤੇ ਮਹਿੰਗਾਈ ਵਧ ਰਹੀ ਹੈ ਤੇ ਚੀਨ ਸਾਡੇ ’ਤੇ ਹਮਲੇ ਕਰ ਰਿਹੈ, ਅਜਿਹੇ ਵਿਚ ਤੁਸੀਂ ਕੀ ਕਰ ਰਹੇ ਹੋ। ਪਰ ਉਹ ਇਨ੍ਹਾਂ ਮੁੱਦਿਆਂ ਵੱਲ ਨਹੀਂ ਆਉਂਦੇ।’’ -ਪੀਟੀਆਈ
ਜਦੋਂ ਮਹੀਨੇ ’ਚ ਇਕ ਅੱਧੀ ਵਾਰ ਦੇਸ਼ ਮੁੜੋ ਤਾਂ ਇਹੀ ਕੁਝ ਹੁੰਦੈ: ਰਿਜਿਜੂ
ਨਵੀਂ ਦਿੱਲੀ: ਕਾਂਗਰਸ ਦੀ ਮਹਿੰਗਾਈ ਖਿਲਾਫ਼ ਰੈਲੀ ਦੌਰਾਨ ਯੂਪੀਏ ਸਰਕਾਰ ਦੇ ਕਾਰਜਕਾਲ ਵਿੱਚ ਗਰੀਬੀ ਘਟਾਉਣ ਸਬੰਧੀ ਪੇਸ਼ ਅੰਕੜਿਆਂ ਦੇ ਹਵਾਲੇ ਨਾਲ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਚੁਟਕੀ ਲੈਂਦਿਆਂ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਜਦੋਂ ਤੁਸੀਂ ਕੁਝ ਮਹੀਨਿਆਂ ’ਚ ਇਕ ਅੱਧੀ ਵਾਰ ਭਾਰਤ ਮੁੜੋ ਤਾਂ ਇਹੀ ਕੁਝ ਹੁੰਦਾ ਹੈ। ਰਿਜਿਜੂ ਨੇ ਟਵਿੱਟਰ ’ਤੇ ਇਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਕਾਂਗਰਸ ਆਗੂ ਨੇ ਪਾਰਟੀ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੇ ਕਾਰਜਕਾਲ ਦੌਰਾਨ 14 ਕਰੋੜ, 15 ਕਰੋੜ, 23 ਕਰੋੜ ਤੇ 27 ਕਰੋੜ ਲੋਕਾਂ ਨੂੰ ਗਰੀਬੀ ਦੀ ਦਲਦਲ ’ਚੋਂ ਬਾਹਰ ਕੱਢਣ ਦਾ ਦਾਅਵਾ ਕੀਤਾ ਹੈ।
ਕਾਂਗਰਸੀ ਵਰਕਰਾਂ ਨੇ ਰਾਹੁਲ ਨੂੰ ਪਾਰਟੀ ਪ੍ਰਧਾਨ ਬਣਾਉਣ ਦੀ ਮੰਗ ਉਠਾਈ
ਨਵੀਂ ਦਿੱਲੀ: ਰਾਮਲੀਲਾ ਮੈਦਾਨ ਵਿੱਚ ਕਾਂਗਰਸ ਦੀ ‘ਮਹਿੰਗਾਈ ਪਰ ਹੱਲਾ ਬੋਲ’ ਰੈਲੀ ਦੌਰਾਨ ਪੁੱਜੇ ਹਜ਼ਾਰਾਂ ਕਾਂਗਰਸੀ ਵਰਕਰਾਂ ਨੇ ਹੱਥਾਂ ਵਿੱਚ ‘ਰਾਹੁਲ ਗਾਂਧੀ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਓ’ ਦੇ ਪੋਸਟਰ ਫੜੇ ਹੋਏ ਸਨ। ਵਰਕਰਾਂ ਨੇ ਰੈਲੀ ਦੌਰਾਨ ਨਾਅਰੇ ਲਾਉਂਦਿਆਂ ਮੁੜ ਰਾਹੁਲ ਨੂੰ ਪਾਰਟੀ ਦੀ ਅਗਵਾਈ ਕਰਨ ਦਾ ਮੌਕਾ ਦੇਣ ਦੀ ਮੰਗ ਕੀਤੀ। ਪੱਛਮੀ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਤੋਂ ਰੈਲੀ ਵਿੱਚ ਪੁੱਜੇ ਦੀਪੇਸ਼ ਸਿੰਘ ਨੇ ਕਿਹਾ ਕਿ ਰਾਹੁਲ ਹੀ ਉਨ੍ਹਾਂ ਦਾ ਸੱਚਾ ਨੇਤਾ ਹੈ ਅਤੇ ਵਰਕਰਾਂ ਨੂੰ ਉਨ੍ਹਾਂ ’ਤੇ ਪੂਰਾ ਭਰੋਸਾ ਹੈ ਕਿ ਉਸ ਦੀ ਅਗਵਾਈ ਵਿੱਚ ਕਾਂਗਰਸ ਬੁਲੰਦੀਆਂ ਛੂਹੇਗੀ। ਉਨ੍ਹਾਂ ਰਾਹੁਲ ਨੂੰ ਪਾਰਟੀ ਪ੍ਰਧਾਨ ਬਣਾਉਣ ਦੀ ਮੰਗ ਉਠਾਈ। ਰਾਜਸਥਾਨ ਤੋਂ ਆਏ ਸੁਮਿਤ ਮੀਨਾ ਨੇ ਕਿਹਾ ਕਿ ਰਾਹੁਲ ਗਾਂਧੀ ਪਾਰਟੀ ਦੇ ਨਾਲ ਦੇਸ਼ ਦੀ ਅਗਵਾਈ ਵੀ ਕਰ ਸਕਦੇ ਹਨ। ਉਸ ਨੇ ਕਿਹਾ ਕਿ ਰਾਹੁਲ ਹੀ ਇੱਕ ਅਜਿਹਾ ਨੇਤਾ ਹੈ, ਜੋ ਅਸਲ ਮੁੱਦਿਆਂ ਜਿਵੇਂ ਮਹਿੰਗਾਈ ਜਾਂ ਬੇਰੁਜ਼ਗਾਰੀ ਦੀ ਗੱਲ ਕਰਦਾ ਹੈ। -ਪੀਟੀਆਈ