ਜੰਮੂ, 13 ਫਰਵਰੀ
ਭਾਰਤੀ ਜਨਤਾ ਪਾਰਟੀ ਦੀ ਜੰਮੂ ਕਸ਼ਮੀਰ ਦੇ ਪ੍ਰਧਾਨ ਰਵਿੰਦਰ ਰੈਨਾ ਨੇ ਆਪਣੀ ਪਾਰਟੀ ਦੇ ਹੱਦਬੰਦੀ ਕਮਿਸ਼ਨ ਦੇ ਮਸੌਦਾ ਪ੍ਰਸਤਾਵ ਤੋਂ ਨਾਖੁਸ਼ ਹੋਣ ਦੀਆਂ ਖ਼ਬਰਾਂ ਨੂੰ ਅੱਜ ਰੱਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰ ਅਤੇ ਜਨਤਾ ਵੱਲੋਂ ਉਠਾਈਆਂ ਗਈਆਂ ਚਿੰਤਾਵਾਂ ’ਤੇ ਗੌਰ ਕੀਤਾ ਗਿਆ ਹੈ ਅਤੇ ਕੁਝ ਸੁਝਾਅ ਪੇਸ਼ ਕੀਤੇ ਜਾ ਰਹੇ ਹਨ। ਰੈਨਾ ਨੇ ਖਰੜਾ ਪ੍ਰਸਤਾਵ ’ਤੇ ਵਿਰੋਧੀ ਧਿਰ ਦੇ ਹੰਗਾਮੇ ਨੂੰ ਰੱਦ ਕਰਦੇ ਹੋਏ ਕਿਹਾ ਕਿ ਦਹਾਕਿਆਂ ਤੋਂ ਹਾਸ਼ੀਏ ’ਤੇ ਪਏ ਲੋਕਾਂ ਨੂੰ ਨਿਆਂ ਦਿਵਾਉਣ ਲਈ ਹੋਏ ਹਰ ਚੰਗੇ ਕੰਮ ’ਤੇ ਸਵਾਲ ਉਠਾਉਣਾ ਅਤੇ ਉਸ ਖ਼ਿਲਾਫ਼ ਮਾੜਾ ਪ੍ਰਚਾਰ ਕਰਨਾ ਕਾਂਗਰਸ, ਨੈਸ਼ਨਲ ਕਾਂਗਰਸ ਅਤੇ ਪੀਡੀਪੀ ਵਰਗੀਆਂ ਪਾਰਟੀਆਂ ਦੀ ਆਦਤ ਹੈ। ਰੈਨਾ ਨੇ ਇੱਥੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਹੱਦਬੰਦੀ ਕਮਿਸ਼ਨ ਨੇ ਸ਼ਲਾਘਾਯੋਗ ਕੰਮ ਕੀਤਾ ਹੈ। ਇਕ ਖਰੜਾ ਪ੍ਰਸਤਾਵ ਪੇਸ਼ ਕਰਨ ਤੋਂ ਪਹਿਲਾਂ ਉਸ ਨੇ ਵੱਖ-ਵੱਖ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਤੋਂ ਇਲਾਵਾ ਸੰਸਥਾ ਦੇ ਮੈਂਬਰਾਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਸਲਾਹ-ਮਸ਼ਵਰਾ ਕੀਤਾ।’’ ਭਾਜਪਾ ਆਗੂ ਨੇ ਕਿਹਾ, ‘‘ਸਾਡੇ ਸੰਸਦ ਮੈਂਬਰ 14 ਫਰਵਰੀ ਨੂੰ ਕਮਿਸ਼ਨ ਕੋਲੋਂ ਸਮੀਖਿਆ ਦੀ ਮੰਗ ਨੂੰ ਲੈ ਕੇ ਨਿਸ਼ਚਿਤ ਤੌਰ ’ਤੇ ਉਨ੍ਹਾਂ ਦੀਆਂ ਚਿੰਤਾਵਾਂ ਸਾਹਮਣੇ ਰੱਖਣਗੇ।’’ -ਪੀਟੀਆਈ