ਕੋਲਕਾਤਾ, 1 ਫਰਵਰੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਭਾਜਪਾ ’ਤੇ ਹਮਲਾ ਕਰਦਿਆਂ ਇਸ ਪਾਰਟੀ ਨੂੰ ਇਕ ਗੈਸ ਦਾ ਗੁਬਾਰਾ ਦੱਸਿਆ ਜੋ ਸਿਰਫ਼ ਮੀਡੀਆ ਵਿੱਚ ਜਿਊਂਦਾ ਹੈ। ਉਨ੍ਹਾਂ ਭਾਜਪਾ ਨੂੰ ਇਕ ਕੱਪੜੇ ਧੋਣ ਵਾਲੀ ਮਸ਼ੀਨ ਵੀ ਕਰਾਰ ਦਿੱਤਾ ਜੋ ਕਿ ਕਾਲੇ ਧਨ ਨੂੰ ਸਫ਼ੈਦ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਤ੍ਰਿਣਮੂਲ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ, ਉਨ੍ਹਾਂ ਅਜਿਹਾ ਆਪਣਾ ਜੋੜਿਆ ਹੋਇਆ ਧਨ ਬਚਾਉਣ ਵਾਸਤੇ ਕੀਤਾ ਹੈ। ਟੀਐੱਮਸੀ ਪਹਿਲਾਂ ਹੀ ਉਨ੍ਹਾਂ ਨੂੰ ਆਗਾਮੀ ਚੋਣਾਂ ਵਿੱਚ ਟਿਕਟ ਨਾ ਦੇਣ ਦਾ ਫ਼ੈਸਲਾ ਕਰ ਚੁੱਕੀ ਸੀ। ਉਹ ਨੇਤਾਜੀ ਇੰਡੋਰ ਸਟੇਡੀਅਮ ਵਿੱਚ ‘ਆਲ ਇੰਡੀਆ ਫੇਅਰ ਪ੍ਰਾਈਸ ਸ਼ਾਪ ਡੀਲਰਜ਼ ਫੈਡਰੇਸ਼ਨ’ ਦੇ ਇਕ ਸੂਬਾ ਪੱਧਰੀ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।
ਬੈਨਰਜੀ ਨੇ ਕਿਹਾ, ‘‘ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਮਾਂ-ਮਾਟੀ-ਮਾਨੁਸ਼ (ਤ੍ਰਿਣਮੂਲ ਕਾਂਗਰਸ ਦਾ ਨਾਅਰਾ) ਵਾਲੀ ਸਰਕਾਰ ਰਾਜ ਵਿੱਚ ਸੱਤਾ ’ਤੇ ਕਾਇਮ ਰਹੇਗੀ। ਭਾਜਪਾ ਇਕ ਗੈਸ ਦਾ ਗੁਬਾਰਾ ਹੈ ਜੋ ਸਿਰਫ਼ ਮੀਡੀਆ ਵਿੱਚ ਦਿਖਦਾ ਹੈ। ਉਨ੍ਹਾਂ ਕੋਲ ਪੈਸਾ ਹੈ ਅਤੇ ਉਹ ਗਲੀਆਂ ’ਚ ਝੰਡੇ ਲਾਉਣ ਲਈ ਏਜੰਸੀਆਂ ਦਾ ਇਸਤੇਮਾਲ ਕਰ ਰਹੇ ਹਨ। ਉਨ੍ਹਾਂ ਨੂੰ ਅਜਿਹਾ ਕਰਨ ਦਿਓ ਅਤੇ ਮੀਡੀਆ ਵਿੱਚ ਜਿਊਂਦਾ ਰਹਿਣ ਦਿਓ, ਤ੍ਰਿਣਮੂਲ ਕਾਂਗਰਸ ਤੁਹਾਡੇ ਦਿਲਾਂ ਵਿੱਚ ਜਿਊਂਦੀ ਰਹੇਗੀ।’’ ਉਨ੍ਹਾਂ ਕਿਹਾ, ‘‘ਡਕੈਤਾਂ ਨੇ ਅਚਾਨਕ ਕਾਫੀ ਰਕਮ ਇਕੱਠੀ ਕਰ ਲਈ ਹੈ ਅਤੇ ਹੁਣ ਉਹ ਭਾਜਪਾ ਨਾਂ ਦੀ ਕੱਪੜੇ ਧੋਣ ਵਾਲੀ ਮਸ਼ੀਨ ਤੱਕ ਪਹੁੰਚ ਕਰ ਰਹੇ ਹਨ, ਜਿਸ ਵਿੱਚ ਉਹ ਕਾਲੇ ਧਨ ਨਾਲ ਦਾਖ਼ਲ ਹੁੰਦੇ ਹਨ ਅਤੇ ਸਫ਼ੈਦ ਕਰ ਕੇ ਨਿਕਲਦੇ ਹਨ। ਉਹ ਉੱਥੇ ਸਿਰਫ਼ ਪੈਸੇ ਲਈ ਜਾ ਰਹੇ ਹਨ।’’ -ਪੀਟੀਆਈ