ਦੇਹਰਾਦੂਨ, 16 ਦਸੰਬਰ
ਮੁੱਖ ਅੰਸ਼
- ਕਾਂਗਰਸ ਆਗੂ ਵੱਲੋਂ ਉੱਤਰਾਖੰਡ ਵਿਚ ਪਾਰਟੀ ਦੀ ਚੋਣ ਮੁਹਿੰਮ ਦਾ ਆਗਾਜ਼
- ਦੂਨ ਸਕੂਲ ’ਚ ਬਿਤਾਏ ਵਰ੍ਹਿਆਂ ਨੂੰ ਯਾਦ ਕੀਤਾ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਭਾਜਪਾ ਸਰਕਾਰ ’ਤੇ ਦੋਸ਼ ਲਾਇਆ ਕਿ ਸੱਤਾਧਾਰੀ ਪਾਰਟੀ ਨੇ 1971 ਦੀ ਜੰਗ ਵਿਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨੂੰ ਅਣਗੌਲਿਆਂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਇਸ ਜੰਗ ਦੀ 50ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਰਾਹੁਲ ਨੇ ਕਿਹਾ ਕਿ ਇਹ ਜੰਗ ਜਿੱਤੀ ਗਈ ਕਿਉਂਕਿ ਮੁਲਕ ਇਕਜੁੱਟ ਸੀ। ਆਪਣੀ ਦਾਦੀ ਤੇ ਸਾਬਕਾ ਪ੍ਰਧਾਨ ਮੰਤਰੀ ਦਾ ਜ਼ਿਕਰ ਕਰਦਿਆਂ ਰਾਹੁਲ ਨੇ ਕਿਹਾ, ‘ਉਨ੍ਹਾਂ ਮੁਲਕ ਲਈ 32 ਗੋਲੀਆਂ ਖਾਧੀਆਂ’ ਪਰ ਉਨ੍ਹਾਂ ਦਾ ਨਾਂ ਸਰਕਾਰ ਵੱਲੋਂ ਦਿੱਲੀ ’ਚ ਰੱਖੇ ਗਏ ਸਮਾਗਮ ਵਿਚ ਕਿਤੇ ਵੀ ਨਹੀਂ ਸੀ। ਕਾਂਗਰਸ ਆਗੂ ਨੇ ਉਤਰਾਖੰਡ ਵਿਚ ਆਪਣੀ ਪਾਰਟੀ ਦੀ ਚੋਣ ਮੁਹਿੰਮ ਨੂੰ ਲਾਂਚ ਕਰਦਿਆਂ ਕਿਹਾ, ‘ਉਨ੍ਹਾਂ ਨੂੰ ਵੈਸੇ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਉਹ ਜਾਣਦੇ ਹਨ ਕਿ ਇੰਦਰਾ ਗਾਂਧੀ ਨੇ ਆਪਣਾ ਖ਼ੂਨ ਦੇ ਕੇ ਮੁਲਕ ਲਈ ਕੀ ਕੀਤਾ ਸੀ।’ ਦੇਹਰਾਦੂਨ ਦੀ ਪਰੇਡ ਗਰਾਊਂਡ ਵਿਚ ਉੱਤਰਾਖੰਡ ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਮੁਹਿੰਮ ਦਾ ਆਗਾਜ਼ ਕਰਦਿਆਂ ਰਾਹੁਲ ਨੇ ਕਿਹਾ 13 ਦਿਨਾਂ ਵਿਚ 1971 ਦੀ ਜੰਗ ’ਚ ਮਿਲੀ ਜਿੱਤ ਦਾ ਸਿਹਰਾ ਸਿਰਫ਼ ਫ਼ੌਜ, ਜਲ ਸੈਨਾ ਜਾਂ ਦੇਸ਼ ਦੀ ਸਿਆਸੀ ਲੀਡਰਸ਼ਿਪ ਨੂੰ ਨਹੀਂ ਜਾਂਦਾ, ਪਰ ‘ਦੇਸ਼ਵਾਸੀਆਂ ਵੱਲੋਂ ਜਾਤਾਂ ਤੇ ਧਰਮ ਨੂੰ ਭੁਲਾ ਕੇ ਵਿੱਢੀ ਸਾਂਝੀ ਜੰਗ’ ਨੂੰ ਜਾਂਦਾ ਹੈ। ਲੱਖਾਂ ਪਰਿਵਾਰਾਂ ਨੇ ਸਰਕਾਰ ਨੂੰ ਉਸ ਸਮੇਂ ਸੋਨਾ ਦਾਨ ਕੀਤਾ ਤੇ ਪਾਕਿਸਤਾਨ ਖ਼ਿਲਾਫ਼ ਭਾਰਤ ਦੇ ਹੱਥ ਮਜ਼ਬੂਤ ਕੀਤੇ। ਰਾਹੁਲ ਨੇ ਕਿਹਾ, ‘ਮੁਲਕ ਇਕਸੁਰ ਸੀ ਤੇ ਅਮਰੀਕਾ ਦੀ ਸੱਤਵੀਂ ਫਲੀਟ ਨੂੰ ਮੁੜਨ ਲਈ ਮਜਬੂਰ ਹੋਣਾ ਪਿਆ। ਆਮ ਤੌਰ ’ਤੇ ਇਸ ਤਰ੍ਹਾਂ ਦੀ ਜੰਗ ਵਰ੍ਹਿਆਂ ਬੱਧੀ ਚੱਲਦੀ ਰਹਿੰਦੀ ਹੈ ਪਰ 1971 ਦੀ ਜੰਗ ਭਾਰਤ ਨੇ ਸਿਰਫ਼ 13 ਦਿਨਾਂ ਵਿਚ ਜਿੱਤ ਲਈ ਸੀ।’ ਕਾਂਗਰਸ ਆਗੂ ਨੇ ਕਿਹਾ ਕਿ ਹੈਲੀਕੌਪਟਰ ਤੇ ਲੜਾਕੂ ਜਹਾਜ਼ ਦੇਸ਼ ਨੂੰ ਮਜ਼ਬੂਤ ਨਹੀਂ ਕਰਦੇ। ਮੁਲਕ ਉਦੋਂ ਮਜ਼ਬੂਤ ਹੁੰਦਾ ਹੈ ਜਦ ਲੋਕ ਮਜ਼ਬੂਤ ਹੁੰਦੇ ਹਨ। ਰਾਹੁਲ ਨੇ ਅੱਗੇ ਕਿਹਾ ਕਿ ਕੁਰਬਾਨੀ ਇਸ ਸੂਬੇ ਨਾਲ ਆਪਣਾ ਰਿਸ਼ਤਾ ਆਪ ਬਿਆਨਦੀ ਹੈ ਜਿੱਥੋਂ ਹਜ਼ਾਰਾਂ ਲੋਕ ਦੇਸ਼ ਦੀਆਂ ਸਰਹੱਦਾਂ ’ਤੇ ਮੁਲਕ ਲਈ ਆਪਣੀ ਜਾਨ ਦਿੰਦੇ ਹਨ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ‘ਜਿਵੇਂ ਉੱਤਰਾਖੰਡ ਦੇ ਹਜ਼ਾਰਾਂ ਪਰਿਵਾਰਾਂ ਨੇ ਦੇਸ਼ ਦੇ ਮਾਣ ਲਈ ਲੜਦਿਆਂ ਕੁਰਬਾਨੀਆਂ ਕੀਤੀਆਂ ਹਨ, ਉਸੇ ਤਰ੍ਹਾਂ ਮੇਰੇ ਪਰਿਵਾਰ ਨੇ ਵੀ ਦੇਸ਼ ਲਈ ਕੁਰਬਾਨੀਆਂ ਕੀਤੀਆਂ ਹਨ। ਮੇਰਾ ਉੱਤਰਾਖੰਡ ਨਾਲ ਬਲਿਦਾਨ ਦਾ ਰਿਸ਼ਤਾ ਹੈ।’ ਦੂਨ ਸਕੂਲ ਵਿਚ ਵਿਦਿਆਰਥੀ ਵਜੋਂ ਬਿਤਾਏ ਵਰ੍ਹਿਆਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਦਾ ਬਹੁਤ ਪਿਆਰ ਮਿਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਰਾਹੁਲ ਨੇ ਕਿਹਾ ਕਿ ਨੋਟਬੰਦੀ ਤੇ ਜੀਐੱਸਟੀ ‘ਪੂੰਜੀਵਾਦੀਆਂ ਦੇ ਸੰਦ ਹਨ, ਨਰਿੰਦਰ ਮੋਦੀ ਉਨ੍ਹਾਂ ਦੀਆਂ ਨੀਤੀਆਂ ਨੂੰ ਲਾਗੂ ਕਰਦੇ ਹਨ। ਦੇਸ਼ ਵਿਚ ਜਦ ਤੱਕ ਭਾਜਪਾ ਸਰਕਾਰ ਹੈ, ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲਣਗੀਆਂ।’ ਰਾਹੁਲ ਗਾਂਧੀ ਨੇ ਇਸ ਮੌਕੇ ਮਹਿੰਗਾਈ ਦਾ ਵੀ ਜ਼ਿਕਰ ਕੀਤਾ। -ਪੀਟੀਆਈ
‘ਕਿਸਾਨਾਂ ਨੂੰ ਖ਼ਤਮ ਕਰਨ, ਪੂੰਜੀਵਾਦੀਆਂ ਦੀ ਮਦਦ ਵੱਲ ਸੇੇਧਿਤ ਸਨ ਖੇਤੀ ਕਾਨੂੰਨ’
ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰੀ ਖੇਤੀ ਕਾਨੂੰਨ ‘ਕਿਸਾਨਾਂ ਨੂੰ ਖ਼ਤਮ ਕਰਨ ਤੇ ਪੂੰਜੀਵਾਦੀਆਂ ਦੀ ਮਦਦ ਕਰਨ ਵੱਲ’ ਸੇੇਧਿਤ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ 700 ਕਿਸਾਨਾਂ ਦੀ ਮੌਤ ਨੂੰ ਵੀ ਸਵੀਕਾਰ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਮੁਆਫ਼ੀ ਵੀ ਮੰਗ ਲਈ ਹੈ ਪਰ ਸਾਲ ਭਰ ਚੱਲੇ ਸੰਘਰਸ਼ ਦੌਰਾਨ ਮੌਤਾਂ ਹੋਣ ਬਾਰੇ ਮੰਨ ਹੀ ਨਹੀਂ ਰਹੇ। ਕਾਂਗਰਸ ਆਗੂ ਨੇ ਕਿਹਾ ਕਿ ਜੇ ਕਾਂਗਰਸ ਸੱਤਾ ਵਿਚ ਆਈ ਤਾਂ ਉਹ ਕਿਸਾਨਾਂ ਤੇ ਬੇਰੁਜ਼ਗਾਰ ਨੌਜਵਾਨਾਂ ਦੇ ਹਿੱਤ ਵਿਚ ਕੰਮ ਕਰੇਗੀ।