ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 30 ਜਨਵਰੀ
ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਪੱਛਮੀ ਹਿੱਸਿਆਂ ਦੇ ਜਾਟ ਵੱਸੋਂ ਵਾਲੇ ਇਲਾਕਿਆਂ ਵਿੱਚ ਰਹਿੰਦੇ ‘ਜਾਟ’ ਕਿਸਾਨਾਂ ਦੇ ਮਨੋਵਿਗਿਆਨ ਨੂੰ ਭਾਜਪਾ ਸਮਝਣ ਵਿੱਚ ਨਾਕਾਮ ਰਹੀ ਹੈ। ਇਨ੍ਹਾਂ ਦੋਵੇਂ ਖੇਤਰਾਂ ਵਿੱਚ ਜਾਟ ਭਾਈਚਾਰੇ ਦੀ ਆਪਸੀ ਸਾਂਝ ਚਿਰਸਥਾਈ ਹੈ। ਖਾਸ ਕਰਕੇ ਯਮੁਨਾ ਦਰਿਆ ਦੇ ਦੋਵੇਂ ਪਾਸੇ ਵਸੇ ਜਾਟ ਭਾਈਚਾਰੇ ਵਿੱਚ ‘ਰੋਟੀ-ਬੇਟੀ ਦੀ ਸਾਂਝ’ ਹੈ ਅਤੇ ਸਿਆਸੀ ਸਮੀਕਰਣ ਘੜਨ ਵਿੱਚ ਇਹ ਭਾਈਚਾਰਕ ਸਾਂਝ ਖਾਸੀ ਅਸਰਦਾਰ ਰਹੀ ਹੈ। ਇਨ੍ਹਾਂ ਰਾਜਾਂ ਵਿੱਚ ਖਾਪ ਪੰਚਾਇਤਾਂ ਦਾ ਅਸਰ ਭਾਵੇਂ ਹੁਣ ਘੱਟ ਗਿਆ ਹੈ ਪਰ ਮੌਜੂਦਾ ਪੀੜ੍ਹੀ ਤੇ ਇਸ ਤੋਂ ਪਿਛਲੀ ਪੀੜ੍ਹੀ ਵਿੱਚ ਅਜੇ ਵੀ ਰੋਟੀ-ਬੇਟੀ ਦੇ ਰਿਸ਼ਤਿਆਂ ਦੀ ਛਾਪ ਨਜ਼ਰ ਆਉਂਦੀ ਹੈ। ਬਾਗਪਤ, ਮੇਰਠ ਅਤੇ ਮੁਜ਼ੱਫ਼ਰਨਗਰ ਦੇ ਇਲਾਕਿਆਂ ਦਾ ਇਤਿਹਾਸ ਸੰਘਰਸ਼ ਦੀ ਪਛਾਣ ਰਿਹਾ ਹੈ। ਅੰਦੋਲਨ ਦੌਰਾਨ ਨੌਜਵਾਨ ਆਜ਼ਾਦੀ ਦੇ ਸੰਘਰਸ਼ ਸਮੇਂ ਅੰਗਰੇਜ਼ਾਂ ਨਾਲ ਲਈ ਟੱਕਰ ਨੂੰ ਯਾਦ ਕਰਦੇ ਹਨ। ਸ਼ਾਮਲੀ ਦੇ ਇਕ ਕਾਰਪੋਰੇਟ ਘਰਾਣੇ ਦੇ ਮੈਂਬਰ ਵੱਲੋਂ ਭਗਤ ਸਿੰਘ ਖ਼ਿਲਾਫ਼ ਗਵਾਹੀ ਦੇਣ ਨੂੰ ਇਸ ਖਿੱਤੇ ਦੇ ਲੋਕ ਅਜੇ ਵੀ ਨਹੀਂ ਭੁੱਲੇ ਹਨ। ਗਾਜ਼ੀਪੁਰ ਮੋਰਚੇ ’ਤੇ ਸੁਰੱਖਿਆ ਬਲ ਵਧਾਉਣ ਸਮੇਂ ਭਾਜਪਾ ਦੇ ਵਿਧਾਇਕ ਨੰਦ ਕਿਸ਼ੋਰ ਗੁੱਜਰ ਦੇ ਆਪਣੇ ਸਮਰਥਕਾਂ ਨਾਲ ਪੁੱਜ ਜਾਣ ਕਰਕੇ ਚਾਲ ਪੁੱਠੀ ਪੈ ਗਈ। ਉਧਰ ਹਰਿਆਣਾ ਦੇ ਜਾਟ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੋਂ ਖਾਸੇ ਖਫ਼ਾ ਹਨ। ਇਸੇ ਕਰਕੇ ਦੋਵੇਂ ਰਾਜਾਂ ਦੇ ਕਿਸਾਨ ਵੱਡੀ ਗਿਣਤੀ ਵਿੱਚ ਘਰਾਂ ਤੋਂ ਬਾਹਰ ਨਿਕਲ ਆਏ ਹਨ। ਸਿੰਘੂ ਬਾਰਡਰ ਉਪਰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੇ ਮੇਲ ਨੂੰ ਦੋ ਵਿਛੜੇ ਭਰਾਵਾਂ ਦੇ ਮਿਲਨ ਵਜੋਂ ਦੇਖਿਆ ਜਾ ਰਿਹਾ ਹੈ।