ਜੰਮੂ, 15 ਮਈ
ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਕੀਤੇ ਵਾਅਦੇ ਪੁਗਾ ਨਹੀਂ ਸਕੀ ਹੈ ਤੇ ਹੁਣ ਲੋਕਾਂ ਦਾ ਧਿਆਨ ਭਟਕਾਉਣ ਲਈ ਕਈ ਹੱਥਕੰਡੇ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਿਚ ਸਮਾਜ ਦੇ ਕਿਸੇ ਵੀ ਵਰਗ ਨੂੰ ਭਾਜਪਾ ਇਨਸਾਫ਼ ਨਹੀਂ ਦੇ ਸਕੀ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਭਾਜਪਾ ਦੀ ਹਰੇਕ ਕੋਸ਼ਿਸ਼ ਨੂੰ ਨਾਕਾਮ ਕਰੇਗੀ ਤੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਵਿਕਾਸ ਦੇ ਨਵੇਂ ਗੇੜ ਦੀ ਸ਼ੁਰੂਆਤ ਕਰੇਗੀ। ਪੁਣਛ ਜ਼ਿਲ੍ਹੇ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਅਬਦੁੱਲਾ ਨੇ ਕਿਹਾ ਕਿ ਅਗਸਤ 2019 ਤੋਂ ਬਾਅਦ ਜੰਮੂ ਕਸ਼ਮੀਰ ਵਿਚ ਕੁਝ ਨਹੀਂ ਬਦਲਿਆ। ਜ਼ਿਕਰਯੋਗ ਹੈ ਕਿ 2019 ਵਿਚ ਵਿਸ਼ੇਸ਼ ਦਰਜਾ ਵਾਪਸ ਲੈ ਕੇ ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ ਸੀ। ਉਮਰ ਨੇ ਕਿਹਾ, ‘ਕਿਉਂਕਿ ਹੁਣ ਉਹ (ਭਾਜਪਾ) ਨਾਕਾਮ ਹੋ ਗਏ ਹਨ, ਇਸ ਲਈ ਲੋਕਾਂ ਵਿਚ ਆਪਸੀ ਟਕਰਾਅ ਪੈਦਾ ਕਰ ਰਹੇ ਹਨ, ਉਨ੍ਹਾਂ ਨੂੰ ਲੜਾ ਰਹੇ ਹਨ ਤੇ ਏਜੰਸੀਆਂ ਦੀ ਵਰਤੋਂ ਕਰਕੇ ਲੋਕਾਂ ਨੂੰ ਜ਼ਲੀਲ ਕਰ ਰਹੇ ਹਨ।’
ਉਨ੍ਹਾਂ ਕਿਹਾ ਕਿ ਭਾਜਪਾ ਦੀ ਸਥਾਨਕ ਲੀਡਰਸ਼ਿਪ ਪਹਾੜੀ ਬੋਲਣ ਵਾਲਿਆਂ ਨੂੰ ਕਹਿ ਰਹੀ ਹੈ ਕਿ ਉਨ੍ਹਾਂ ਨੂੰ ਅਨੁਸੂਚਿਤ ਕਬੀਲੇ ਦਾ ਦਰਜਾ ਦਿੱਤਾ ਜਾਵੇਗਾ। ਉਮਰ ਨੇ ਦੋਸ਼ ਲਾਇਆ ਕਿ ਅਜਿਹਾ ਕਰਕੇ ਭਾਜਪਾ ਗੁੱਜਰਾਂ ਤੇ ਬਕਰਵਾਲ ਭਾਈਚਾਰੇ ਨੂੰ ਪਹਾੜੀ ਭਾਸ਼ਾਈ ਲੋਕਾਂ ਖ਼ਿਲਾਫ਼ ਖੜ੍ਹੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੱਦਬੰਦੀ ਰਿਪੋਰਟ ਵਿਚ ਰਾਜੌਰੀ ਤੇ ਪੁਣਛ ਜ਼ਿਲ੍ਹਿਆਂ ਨੂੰ ਅਨੰਤਨਾਗ ਲੋਕ ਸਭਾ ਹਲਕੇ ਨਾਲ ਜੋੜਨ ਦੀ ਸਿਫਾਰਿਸ਼ ਸਮਝ ਤੋਂ ਬਾਹਰ ਹੈ। -ਪੀਟੀਆਈ