ਨਮਸਈ, 22 ਮਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਦਾਅਵਾ ਕੀਤਾ ਕਿ ਭਾਜਪਾ ਨੇ ਉੱਤਰ-ਪੂਰਬ ਵਿਚ ‘ਭ੍ਰਿਸ਼ਟਾਚਾਰ’ ਖ਼ਤਮ ਕਰ ਦਿੱਤਾ ਹੈ ਤੇ ਵਿਕਾਸ ਲਈ ਆਏ ਫੰਡ ਹੁਣ ਸਾਰਿਆਂ ਤੱਕ ਪਹੁੰਚਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਤੋਂ ਪਹਿਲਾਂ ਕਾਂਗਰਸ ਦੇ ਰਾਜ ਦੌਰਾਨ ਜ਼ਿਆਦਾਤਰ ਫੰਡ ਵਿਚੋਲਿਆਂ ਦੇ ਹਿੱਸੇ ਆਉਂਦਾ ਸੀ। ਸ਼ਾਹ ਨੇ ਕਿਹਾ ਕਿ ਇਸ ਖੇਤਰ ਨੂੰ ਕਾਂਗਰਸ ਦੇ 50 ਸਾਲਾਂ ਦੇ ਰਾਜ ਦੌਰਾਨ ਨਜ਼ਰਅੰਦਾਜ਼ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2014 ਵਿਚ ਸੱਤਾ ’ਚ ਆਉਣ ਤੋਂ ਬਾਅਦ ਹੀ ਇਸ ਖੇਤਰ ਦਾ ਤੇਜ਼ੀ ਨਾਲ ਵਿਕਾਸ ਹੋਇਆ ਹੈ। ਨਮਸਈ ਜ਼ਿਲ੍ਹੇ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ‘ਰਾਹੁਲ ਗਾਂਧੀ ਨੂੰ ਆਪਣੀਆਂ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਹਨ ਤੇ ਇਟਲੀ ਦੇ ਚਸ਼ਮੇ ਲਾਹ ਕੇ ਭਾਰਤੀ ਚਸ਼ਮੇ ਪਹਿਨ ਕੇ ਦੇਖਣਾ ਚਾਹੀਦਾ ਹੈ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੋਦੀ ਨੇ ਉੱਤਰ-ਪੂਰਬ ਵਿਚ ਕਿੰਨਾ ਵਿਕਾਸ ਕਰਾਇਆ ਹੈ।’ ਜਦਕਿ ਇਸ ਤੋਂ ਪਹਿਲਾਂ ਕਾਂਗਰਸ ਦੇ ਰਾਜ ਦੌਰਾਨ ਵਿਕਾਸ ਫੰਡ ਟਿਕਾਣੇ ਉਤੇ ਪਹੁੰਚਦੇ ਹੀ ਨਹੀਂ ਸਨ। ਸ਼ਾਹ ਨੇ ਕਿਹਾ ਕਿ ਉੱਤਰ-ਪੂਰਬ ਪਹਿਲਾਂ ਅਤਿਵਾਦ ਲਈ ਜਾਣਿਆ ਜਾਂਦਾ ਸੀ ਤੇ ਇਸ ਲਈ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਜ਼ਿੰਮੇਵਾਰ ਸਨ। ਪਰ ਹੁਣ ਇੱਥੇ ਸ਼ਾਂਤੀ ਹੈ ਕਿਉਂਕਿ ਸਰਕਾਰ ਨੇ ਜ਼ਿਆਦਾਤਰ ਬਾਗ਼ੀ ਧੜਿਆਂ ਨਾਲ ਸ਼ਾਂਤੀ ਸਮਝੌਤੇ ਕੀਤੇ ਹਨ। ਇਸ ਮੌਕੇ ਸ਼ਾਹ ਨੇ ਅਰੁਣਾਚਲ ਤੇ ਅਸਾਮ ਵਿਚਾਲੇ ਹੋਏ ਸਰਹੱਦੀ ਸਮਝੌਤੇ ਦਾ ਜ਼ਿਕਰ ਵੀ ਕੀਤਾ। -ਪੀਟੀਆਈ