ਨਵੀਂ ਦਿੱਲੀ, 23 ਫਰਵਰੀ
ਗੁਜਰਾਤ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਸਖ਼ਤ ਚੁਣੌਤੀ ਦੇਣ ਵਾਲੀ ਕਾਂਗਰਸ ਦੀ ਨਗਰ ਨਿਗਮ ਚੋਣਾਂ ਵਿਚ ਕਾਰਗੁਜ਼ਾਰੀ ਕਾਫ਼ੀ ਮਾੜੀ ਰਹੀ ਹੈ। ਇਸ ਦੇ ਉਲਟ ਆਮ ਆਦਮੀ ਪਾਰਟੀ (ਆਪ) ਨੇ ਗੁਜਰਾਤ ਦੇ ਸ਼ਹਿਰੀ ਖੇਤਰਾਂ ਵਿਚ ਆਪਣਾ ਖਾਤਾ ਖੋਲ੍ਹ ਲਿਆ ਹੈ ਜੋ ਕਿ ਕਾਂਗਰਸ ਲਈ ਖ਼ਤਰਾ ਸਾਬਿਤ ਹੋ ਸਕਦਾ ਹੈ। ਐਤਵਾਰ ਪਈਆਂ ਵੋਟਾਂ ਦੀ ਅੱਜ ਹੋਈ ਗਿਣਤੀ ਵਿਚ ਛੇ ਨਗਰ ਨਿਗਮਾਂ- ਅਹਿਮਦਾਬਾਦ, ਸੂਰਤ, ਵੜੋਦਰਾ, ਜਾਮਨਗਰ, ਭਾਵਨਗਰ ਤੇ ਰਾਜਕੋਟ ਵਿਚ ਭਾਜਪਾ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪਾਰਟੀ ਨੇ ਖ਼ਬਰ ਲਿਖੇ ਜਾਣ ਤੱਕ 576 ਸੀਟਾਂ ਵਿਚੋਂ 449 ’ਤੇ ਜਿੱਤ ਹਾਸਲ ਕਰ ਲਈ ਸੀ। ਕਾਂਗਰਸ ਨੇ 44 ਸੀਟਾਂ ਹੀ ਜਿੱਤੀਆਂ ਸਨ। ਇਸ ਤਰ੍ਹਾਂ 85 ਫ਼ੀਸਦ ਤੋਂ ਜ਼ਿਆਦਾ ਸੀਟਾਂ ਉਤੇ ਭਾਜਪਾ ਕਾਬਜ਼ ਹੋ ਗਈ ਹੈ। ਸੂਰਤ ਵਿਚ ‘ਆਪ’ ਨੇ ਕਈ ਸੀਟਾਂ ਉਤੇ ਜਿੱਤ ਹਾਸਲ ਕੀਤੀ ਹੈ ਜਦਕਿ ਕਾਂਗਰਸ ਦਾ ਖਾਤਾ ਤੱਕ ਨਹੀਂ ਖੁੱਲ੍ਹਿਆ। ਜਾਮਨਗਰ ਵਿਚ ਬਸਪਾ ਨੇ ਤਿੰਨ ਸੀਟਾਂ ਉਤੇ ਜਿੱਤ ਹਾਸਲ ਕੀਤੀ ਹੈ। ਪਹਿਲੀ ਵਾਰ ਗੁਜਰਾਤ ਨਗਰ ਨਿਗਮ ਚੋਣਾਂ ਲੜ ਰਹੀ ਅਸਦੂਦੀਨ ਓਵੈਸੀ ਦੀ ਪਾਰਟੀ ਨੇ ਵੀ ਅਹਿਮਦਾਬਾਦ ਵਿਚ ਚਾਰ ਸੀਟਾਂ ਜਿੱਤੀਆਂ ਹਨ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਹਿਮਦਾਬਾਦ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦਾ ਗੜ੍ਹ ਬਰਕਰਾਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਭਾਜਪਾ ’ਤੇ ਭਰੋਸਾ ਜਿਤਾਉਣ ਲਈ ਲੋਕਾਂ ਦਾ ਧੰਨਵਾਦ ਕੀਤਾ ਹੈ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ 26 ਨੂੰ ਗੁਜਰਾਤ ਦਾ ਦੌਰਾ ਕਰਨ ਦਾ ਐਲਾਨ ਕੀਤਾ ਹੈ। -ਆਈਏਐਨਐੱਸ